ਵਿਧਵਾ ਕਾਲੋਨੀ ਦੇ ਵਾਸੀਆਂ ਨੇ ਕਿਹਾ ਸੱਜਣ ਕੁਮਾਰ ਅਤੇ ਟਾਈਟਲਰ ਦੀ ਨੀਂਦ ਉੱਡਣ ਵਾਲੀ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਦੇ ਭਰਾ ਨੇ ਅਦਾਲਤ ਦੇ ਫ਼ੈਸਲੇ ਦੀ ਤਾਰੀਫ਼ ਕੀਤੀ......

Sajjan Kumar

ਨਵੀਂ ਦਿੱਲੀ : ਸਿੱਖ ਕਤਲੇਆਮ ਮਾਮਲੇ 'ਚ ਇਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੇ ਅਦਾਲਤ ਦਾ ਫ਼ੈਸਲਾ ਤਿਲਕ ਨਗਰ ਦੀ ਵਿਧਵਾ ਕਾਲੋਨੀ ਦੇ ਵਾਸੀਆਂ ਲਈ 'ਉਮੀਦ ਦੀ ਕਿਰਨ' ਬਣ ਕੇ ਆਇਆ ਹੈ। ਉਨ੍ਹਾਂ ਨੂੰ ਹੁਣ ਕਾਂਗਰਸ ਆਗੂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਵੱਡੇ ਨਾਵਾਂ ਨੂੰ ਸਜ਼ਾ ਮਿਲਣ ਦੀ ਉਡੀਕ ਹੈ।  ਦਿੱਲੀ ਦੇ ਮਹਿਪਾਲਪੁਰ ਇਲਾਕੇ 'ਚ ਸਿੱਖ ਕਤਲੇਆਮ ਦੌਰਾਨ ਦੋ ਜਣਿਆਂ ਦੇ ਕਤਲ ਦੇ ਦੋਸ਼ੀ ਯਸ਼ਪਾਲ ਨੂੰ ਫਾਂਸੀ ਦੀ ਸ਼ਜਾ ਸੁਣਾਈ ਗਈ ਸੀ। ਇਸ ਮਾਮਲੇ 'ਚ ਇਹ ਪਹਿਲੀ ਮੌਤ ਦੀ ਸਜ਼ਾ ਹੈ। ਮਾਮਲੇ 'ਚ ਦੋਸ਼ੀ ਕਰਾਰ ਦਿਤੇ ਗਏ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 

ਕਤਲੇਆਮ 'ਚ ਪਿਤਾ ਸਮੇਤ ਅਪਣੇ ਪ੍ਰਵਾਰ ਦੇ 11 ਜੀਆਂ ਨੂੰ ਗੁਆਉਣ ਵਾਲੀ ਗੰਗਾ ਕੌਰ ਨੇ ਕਿਹਾ, ''ਅਸੀਂ ਇਸ ਫ਼ੈਸਲੇ ਤੋਂ ਯਕੀਨੀ ਤੌਰ 'ਤੇ ਖ਼ੁਸ਼ ਹਾਂ। ਇਹ ਹੋਰ ਚੰਗਾ ਹੁੰਦਾ ਜੇ ਦੂਜੇ ਵਿਅਕਤੀ ਨੂੰ ਵੀ ਫਾਂਸੀ ਦੀ ਸਜ਼ਾ ਮਿਲਦੀ। ਪਰ ਫਿਰ ਵੀ ਅਸੀਂ ਪੂਰੇ ਦਿਲ ਨਾਲ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ।'' ਉਨ੍ਹਾਂ ਕਿਹਾ, ''ਵੈਸੇ ਵੀ ਇਹ ਸਾਰੀਆਂ ਛੋਟੀਆਂ ਮੱਛੀਆਂ ਹਨ। ਹੁਣ ਅਸੀਂ ਮਗਰਮੱਛ ਦੇ ਫਸਣ ਦੀ ਉਡੀਕ ਕਰ ਰਹੇ ਹਾਂ। ਉਮੀਦ ਹੈ ਕਿ ਇਹ ਇਸੇ ਸਰਕਾਰ ਦੇ ਰਾਜ 'ਚ ਮੁਮਕਿਨ ਹੈ।'' ਇਸ ਕੇਸ 'ਚ ਮਾਰੇ ਗਏ ਇਕ ਸਿੱਖ ਦੇ ਭਰਾ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ, ''ਪਿਛਲੇ 34 ਸਾਲ 'ਚ ਅਜਿਹਾ ਵੀ ਸਮਾਂ ਆਇਆ

ਜਦੋਂ ਮੈਂ ਖ਼ੁਦ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਪਰ ਅਦਾਲਤ ਦੇ ਫ਼ੈਸਲੇ ਮਗਰੋਂ ਨਿਆਂਪਾਲਿਕਾ 'ਤੇ ਮੇਰਾ ਭਰੋਸਾ ਬਹਾਲ ਹੋਇਆ ਹੈ।  ਮ੍ਰਿਤਕ ਸਿੱਖ ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਵਲੋਂ ਦਾਇਰ ਅਪੀਲ ਤੋਂ ਬਾਅਦ ਗ੍ਰਹਿ ਮੰਤਰਾਲੇ ਵਲੋਂ ਦਿਤੇ ਹੁਕਮ 'ਤੇ ਸਾਲ 2015 'ਚ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਸੰਤੋਖ ਸਿੰਘ ਨੇ ਇਸ ਫ਼ੈਸਲੇ ਨੂੰ ਇਕ ਤੋਹਫ਼ਾ ਦਸਿਆ।  ਸੰਤੋਖ ਸਿੰਘ ਨੇ ਕਿਹਾ, ''ਫ਼ੈਸਲਾ ਨਿਆਂਪਾਲਿਕਾ ਵਲੋਂ ਸਾਡੇ ਪ੍ਰਵਾਰ ਨੂੰ ਇਕ ਤੋਹਫ਼ਾ ਹੈ, ਜਿਸ ਨੇ ਏਨੇ ਸਾਲਾਂ 'ਚ ਬਹੁਤ ਕੁੱਝ ਝਲਿਆ ਹੈ।

ਮੈਂ ਜਾਂਚ ਅਧਿਕਾਰੀ, ਐਸ.ਆਈ.ਟੀ. ਦੇ ਇੰਸਪੈਕਟਰ ਜਗਦੀਸ਼ ਕੁਮਾਰ ਦਾ ਮਾਮਲੇ ਨੂੰ ਤਿੰਨ ਸਾਲਾਂ 'ਚ ਤਾਰਕਿਕ ਅੰਤ ਤਕ ਲੈ ਕੇ ਜਾਣ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ।'' ਉਧਰ ਅਦਾਲਤ ਦੇ ਫ਼ੈਸਲੇ 'ਤੇ ਤਸੱਲੀ ਪ੍ਰਗਟਾਉਂਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ ਹੈ ਕਿ ਸਿੱਖ ਕਤਲੇਆਮ 'ਚ ਕਾਂਗਰਸ ਆਗੂਆਂ ਦੇ ਸ਼ਾਮਲ ਹੋਣ ਕਰ ਕੇ ਪਾਰਟੀ ਨੇ ਦੋਸ਼ੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।

ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਪਿਛਲੇ ਕਰੀਬ 35 ਸਾਲਾਂ 'ਚ ਕਾਂਗਰਸ ਪਾਰਟੀ ਵਲੋਂ ਯੋਜਨਾਬੱਧ ਤਰੀਕੇ ਨਾਲ ਇਸ ਗੱਲ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਿ 1984 ਦੇ ਕਤਲੇਆਮ ਦੇ ਮੁਲਜ਼ਮਾਂ ਵਿਰੁਧ ਕੋਈ ਪੱਕੀ ਕਾਰਵਾਈ ਨਾ ਹੋਵੇ।'' ਉਨ੍ਹਾਂ ਕਾਂਗਰਸ ਆਗੂ ਕਮਲਨਾਥ 'ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਨੂੰ ਜਵਾਬ ਦੇਣਾ ਹੋਵੇਗਾ

ਕਿ ਉਨ੍ਹਾਂ ਨੂੰ ਪੰਜਾਬੀ ਦੇ ਇੰਚਾਰਜ ਅਹੁਦੇ ਤੋਂ ਇਕ ਹਫ਼ਤੇ ਅੰਦਰ ਕਿਉਂ ਹਟਾਇਆ ਗਿਆ? ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ, ''ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਅਪਣੇ ਭਾਸ਼ਣ 'ਚ ਕਿਹਾ ਸੀ ਕਿ ਜਦੋਂ ਬਰਗਦ ਦਾ ਦਰੱਖ਼ਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੈ। ਇਸ ਤੋਂ ਵੱਡਾ ਗ਼ੈਰ-ਜ਼ਿੰਮੇਵਾਰਾਨਾ ਬਿਆਨ ਹੋ ਕੀ ਹੋ ਸਕਦਾ ਹੈ?''  (ਪੀਟੀਆਈ)

Related Stories