ਨਸ਼ਾ ਤਸਕਰਾਂ ਦੀ ਸ਼ਿਕਾਇਤ ਪੁਲਿਸ ਨੂੰ ਕਰਨ ‘ਤੇ ਨੌਜਵਾਨ ਦਾ ਤੋੜਿਆ ਹੱਥ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ਾ ਤਸਕਰਾਂ ਦੀ ਇਨਫਾਰਮੇਸ਼ਨ ਦੇਣ ਉਤੇ ਡਾਬਾ ਦੇ ਗੁਰਮੇਲ ਨਗਰ ਇਲਾਕੇ ਵਿਚ ਤਸਕਰਾਂ ਦੀ ਟੋਲੀ ਨੇ ਇਕ ਨੌਜਵਾਨ ਨੂੰ...

Video viral by the smugglers after beating a youth

ਲੁਧਿਆਣਾ (ਸਸਸ) : ਨਸ਼ਾ ਤਸਕਰਾਂ ਦੀ ਇਨਫਾਰਮੇਸ਼ਨ ਦੇਣ ਉਤੇ ਡਾਬਾ ਦੇ ਗੁਰਮੇਲ ਨਗਰ ਇਲਾਕੇ ਵਿਚ ਤਸਕਰਾਂ ਦੀ ਟੋਲੀ ਨੇ ਇਕ ਨੌਜਵਾਨ ਨੂੰ ਅਗਵਾਹ ਕਰ ਲਿਆ। ਉਸ ਨੂੰ ਇਕ ਕਮਰੇ ਵਿਚ ਲਿਜਾ ਕੇ ਬੰਦੀ ਬਣਾ ਲਿਆ ਗਿਆ ਅਤੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿਤਾ ਗਿਆ। ਉਸ ਦਾ ਹੱਥ ਤੋੜਿਆ ਅਤੇ ਫਿਰ ਉਸ ਨੂੰ ਮੁਰਗਾ ਬਣਾ ਕੇ ਮੋਬਾਇਲ ਵਿਚ ਵੀਡੀਓ ਬਣਾਈ। ਬਾਅਦ ਵਿਚ ਨੌਜਵਾਨ ਨੂੰ ਸੜਕ ਉਤੇ ਸੁੱਟ ਦਿਤਾ। ਇਸ ਤੋਂ ਬਾਅਦ ਵੀਡੀਓ ਵਾਇਰਲ ਕਰ ਦਿਤੀ।

ਪੀੜਤ ਦਲੀਪ ਕੁਮਾਰ (24) ਦੀ ਮਾਂ ਨੇ ਬੇਟੇ ਨੂੰ ਗੰਭੀਰ ਹਾਲਤ ਵਿਚ ਪਹਿਲਾਂ ਅਪੋਲੋ ਅਤੇ ਫਿਰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਪੰਜ ਦਿਨਾਂ ਬਾਅਦ ਬਿਆਨ ਲੈ ਕੇ ਕੇਸ ਦਰਜ ਕੀਤਾ। ਦੋਸ਼ੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ, ਜਗਰੂਪ ਸਿੰਘ, ਅਰਜੁਨ ਕੁਮਾਰ, ਸੁਨੀਲ ਕੁਮਾਰ, ਨਾਣੋ, ਕਾਕਾ ਰਾਮ, ਜੱਸਾ, ਬਲਜਿੰਦਰ ਕੁਮਾਰ, ਭੂਪਿੰਦਰ ਸਿੰਘ ਅਤੇ ਮੰਨਾ ਮੈਂਟਲ ਦੇ ਰੂਪ ਵਿਚ ਹੋਈ ਹੈ।

ਪੁਲਿਸ ਨੇ ਭੂਪਿੰਦਰ, ਬਲਜਿੰਦਰ, ਕਾਕਾ ਰਾਮ ਅਤੇ ਅਰਜੁਨ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਇਨੋਵਾ ਕਾਰ ਬਰਾਮਦ ਕਰ ਲਈ ਹੈ। ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦਲੀਪ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ। ਉਸ ਨੇ ਦੋਸ਼ੀਆਂ ‘ਤੇ ਨਸ਼ਾ ਤਸਕਰੀ ਦੀ ਸ਼ਿਕਾਇਤ ਕੀਤੀ ਸੀ। ਦੋਸ਼ੀ ਇਸ ਤੋਂ ਖ਼ਫ਼ਾ ਸਨ। 13 ਦਸੰਬਰ ਦੁਪਹਿਰ ਨੂੰ ਉਹ ਅਪਣੀ ਮਾਂ ਇੰਦੂ ਦੇ ਨਾਲ ਬੁਲੇਟ ਮੋਟਰਸਾਈਕਲ ‘ਤੇ ਜਾ ਰਿਹਾ ਸੀ ਤਾਂ ਦੋਸ਼ੀ ਉਸ ਨੂੰ ਅਗਵਾਹ ਕਰ ਕੇ ਸੁਨੀਲ ਕੁਮਾਰ ਦੇ ਘਰ ਲੈ ਗਏ।

ਉੱਥੇ ਸੁਨੀਲ, ਉਸ ਦੀ ਪਤਨੀ ਅਤੇ ਹੋਰ ਲੋਕ ਸਨ। ਉਸ ਦੇ ਸਿਰ ਵਿਚ ਬੇਸਬੈਟ ਨਾਲ ਵਾਰ ਕੀਤਾ। ਫਿਰ ਉਸ ਦੇ ਪੈਰਾਂ ਉਤੇ ਹਮਲਾ ਕਰ ਕੇ ਲਹੂ ਲੁਹਾਨ ਕਰ ਦਿਤਾ। ਫਿਰ ਉਸ ਦੀ ਬਾਂਹ ਤੋੜ ਦਿਤੀ। ਦੋਸ਼ੀਆਂ ਨੇ ਉਸ ਦੇ ਕੱਪੜੇ ਉਤਾਰ ਕੇ ਵੀਡੀਓ ਬਣਾਈ ਅਤੇ ਮੁਰਗਾ ਬਣਵਾਇਆ। ਬਾਅਦ ਵਿਚ ਵੀਡੀਓ ਵਾਇਰਲ ਕਰ ਦਿਤੀ। ਫਿਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਸੜਕ ਉਤੇ ਸੁੱਟ ਕੇ ਫ਼ਰਾਰ ਹੋ ਗਏ।