ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿਤਾ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿਤਾ ਹੈ। ਆਪਣੀ ਮਾਂ ਦੇ ਸਾਹਮਣੇ ਵਾਅਦਾ ਕਰਦਾ ਹਾਂ। ਅੱਜ ਤੋਂ ਤਨੋਂ, ਮਨੋਂ ਅਤੇ ਧਨੋਂ 24 ਘੰਟੇ ਪੰਜਾਬ...

Bhagwant Maan in Barnala Rally

ਬਰਨਾਲਾ : ''ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿਤਾ ਹੈ। ਆਪਣੀ ਮਾਂ ਦੇ ਸਾਹਮਣੇ ਵਾਅਦਾ ਕਰਦਾ ਹਾਂ। ਅੱਜ ਤੋਂ ਤਨੋਂ, ਮਨੋਂ ਅਤੇ ਧਨੋਂ 24 ਘੰਟੇ ਪੰਜਾਬ ਦੀ ਸੇਵਾ 'ਚ ਰਹਾਂਗਾ''। ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਵਿਖੇ ਆਯੋਜਿਤ ਰੈਲੀ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਠਾਠਾਂ ਮਾਰਦੇ ਇਕੱਠ 'ਚ ਇਹ ਐਲਾਨ ਕੀਤਾ ਤਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਫ਼ਿਜ਼ਾ ਗੂੰਜ ਉੱਠੀ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਸਮੇਤ ਪੰਜਾਬ ਦੀਆਂ ਸਮੁੱਚੀ ਲੀਡਰਸ਼ਿਪ ਦੀ ਮੌਜੂਦਗੀ 'ਚ ਭਗਵੰਤ ਮਾਨ ਭਾਵੁਕ ਅੰਦਾਜ਼ 'ਚ ਕਿਹਾ, ''ਮੈਂ ਬਾਦਲਾਂ ਕਾਂਗਰਸੀਆਂ ਅਤੇ ਭਾਜਪਾ ਵਾਲਿਆਂ ਦੀਆਂ ਅੱਖਾਂ 'ਚ ਬਹੁਤ ਰੜਕਦਾ ਹਾਂ। ਮੇਰੇ ਖ਼ਿਲਾਫ਼ ਸਾਰੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚਦੇ ਹਨ। ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰਦੇ ਹਨ ਕਿ ਭਗਵੰਤ ਮਾਨ ਤਾਂ ਸ਼ਰਾਬ ਪੀਂਦਾ ਹੈ।

ਭਗਵੰਤ ਮਾਨ ਨੇ ਮੰਨਿਆ ਕਿ ਉਹ ਕਲਾਕਾਰ ਸਨ ਅਤੇ ਕਲਾਕਾਰਾਂ ਦੀਆਂ ਦੁਨੀਆਂ 'ਚ ਸ਼ਰਾਬ ਵਗੈਰਾ ਚਲਦੀ ਰਹਿੰਦੀ ਸੀ ਪਰ ਮੈਨੂੰ ਹਦੋਂ ਵੱਧ ਇਸ ਤਰ੍ਹਾਂ ਬਦਨਾਮ ਕੀਤਾ ਜਾਣ ਲੱਗਾ ਸੀ। ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਕਿ ਇਨ੍ਹਾਂ ਨੂੰ ਪੁੱਛੇ ਕੀ ਤੁਸੀਂ ਨਹੀਂ ਪੀਂਦੇ। ਪਰ ਹੁਣ ਜਦ ਮੇਰੀ ਮਾਂ ਨੇ ਟੀਵੀ 'ਤੇ ਇਹਨਾਂ ਨੂੰ ਮੇਰੀ ਬਦਨਾਮੀ ਕਰਦਿਆਂ ਸੁਣ ਕੇ ਕਿਹਾ ਕਿ ਵੇ ਪੁੱਤ ਪੰਜਾਬ ਖ਼ਾਤਰ ਜਿੱਥੇ ਸਭ ਕੁੱਝ ਛੱਡੀ ਛਡਾਈ ਫਿਰਦਾ ਹਾਂ, ਉੱਥੇ ਦਾਰੂ ਦਾ ਵੀ ਫਾਹਾ ਵੱਢ ਪਰ੍ਹਾ।''

ਮਾਂ ਦੇ ਇਨ੍ਹਾਂ ਸ਼ਬਦਾਂ ਨਾਲ ਮੈਂ ਇਰਾਦਾ ਪੱਕਾ ਕਰ ਲਿਆ ਕਿ ਦਾਰੂ ਦਾ ਸਦਾ ਲਈ ਫਾਹਾ ਵੱਢ ਦਿੱਤਾ ਜਾਵੇ। ਤਾਂ ਕਿ ਇਨ੍ਹਾਂ ਕੋਲ ਮੈਨੂੰ ਅਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਾ ਮਿਲੇ। ਸੋ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦਾ ਹਾਂ ਕਿ ਹੁਣ ਪੰਜਾਬ ਅਤੇ ਤੁਸੀਂ ਪੰਜਾਬ ਦੇ ਲੋਕ ਹੀ ਮੇਰੀ ਦਾਰੂ ਹੋ।'' ਏਨਾ ਸੁਣਦਿਆਂ ਇੱਕ ਵਾਰ ਫਿਰ ਪੰਡਾਲ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਭਗਵੰਤ ਮਾਨ ਨੇ ਆਪਣੇ ਅੰਦਾਜ਼ 'ਚ ਨਾਲ ਹੀ ਕਿਹਾ

ਕਿ ਜਦੋਂ ਸਵੇਰ ਦਾ ਭੁੱਲਿਆ ਸ਼ਾਮ ਤੱਕ ਵਾਪਸ ਮੁੜ ਆਵੇ ਤਾਂ ਭੁੱਲਿਆ ਨਹੀਂ ਕਹਿੰਦੇ, ਮੈਂ ਤਾਂ ਅੱਜ ਸ਼ਾਮ ਹੀ ਨਹੀਂ ਹੋਣ ਦਿੱਤੀ ਦੁਪਹਿਰੇ ਹੀ ਮੁੜ ਆਇਆ ਹਾਂ। ਇਸ ਮੌਕੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸਭ ਤੋਂ ਵੱਡਾ ਦੋਸ਼ੀ ਅਤੇ ਦਰਿੰਦਾ ਕਰਾਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਵੱਡੇ ਲੀਡਰਾਂ ਨੇ ਦਿੱਲੀ 'ਚ ਬੈਠ ਕੇ ਮੇਰੇ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਸਾਜ਼ਿਸ਼ਾਂ ਰਚੀਆਂ ਅਤੇ ਫ਼ੈਸਲਾ ਲਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਅਤੇ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਕਿਸੇ ਵੀ ਕੀਮਤ 'ਤੇ ਚੋਣ ਨਹੀਂ ਹਾਰਨ ਦੇਣੀ।

ਇਸ ਸਾਜ਼ਿਸ਼ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਮੇਰੇ (ਮਾਨ) ਖ਼ਿਲਾਫ਼ ਜਲਾਲਾਬਾਦ ਤੋਂ ਕਾਂਗਰਸ ਦਾ ਉਮੀਦਵਾਰ ਬਣਾਇਆ ਅਤੇ ਮੈਨੂੰ ਮਿਲ ਕੇ ਹਰਾਇਆ। ਭਗਵੰਤ ਮਾਨ ਨੇ ਕਿਹਾ ਕਿ ਮੈਂ (ਮਾਨ) ਕਦੇ ਵੀ ਮੈਂ ਅਤੇ ਨਿੱਜੀ ਸਵਾਰਥ ਵਾਲੀ ਰਾਜਨੀਤੀ ਨਹੀਂ ਕਰਦਾ। ਜੇਕਰ ਮੈਂ ਸੱਚਮੁੱਚ ਸਿਆਸਤਦਾਨਾਂ ਵਰਗਾਂ ਹੁੰਦਾ ਤਾਂ ਜਲਾਲਾਬਾਦ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਲੜਨ ਦੀ ਥਾਂ ਕਿਸੇ ਵੀ ਸੁਰੱਖਿਅਤ ਸੀਟ 'ਤੇ ਚੋਣ ਲੜ ਸਕਦਾ ਸੀ,

ਪਰੰਤੂ ਮੈਂ ਤਾਂ ਭਮੱਕੜ ਹਾਂ ਅਤੇ ਮੇਰਾ ਨਿਸ਼ਾਨਾ ਇੱਕ ਵੱਡਾ ਬਲਬ (ਸੁਖਬੀਰ ਬਾਦਲ) ਨੂੰ ਫ਼ਿਊਜ਼ ਕਰ ਕੇ ਪੰਜਾਬ ਦੀ ਸੱਤਾ ਤੋਂ ਬਾਹਰ ਕਰਨਾ ਸੀ ਅਤੇ ਮੈਂ ਬਾਦਲਾਂ ਨੂੰ ਸੱਤਾ ਤੋਂ ਬਾਹਰ ਕਰ ਦਿਤਾ।

Related Stories