ਹਨੀ ਟਰੈਪ: ਵਿਜੀਲੈਂਸ ਵਲੋਂ ਰਿਸ਼ਵਤ ਲੈਂਦਾ ਹੌਲਦਾਰ ਤੇ ਉਸ ਦੀਆਂ ਮਦਦਗਾਰ ਦੋ ਮਹਿਲਾਵਾਂ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਪੁਲਿਸ ਵਿਚ ਤਾਇਨਾਤ ਹੌਲਦਾਰ ਰਾਜਾ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ...

Bribe Case

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਪੁਲਿਸ ਵਿਚ ਤਾਇਨਾਤ ਹੌਲਦਾਰ ਰਾਜਾ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਜੋ ਕਿ ਅਪਣੀਆਂ ਦੋ ਮਹਿਲਾ ਸਹਿਯੋਗੀਆਂ ਨਾਲ ਸਾਜਿਸ਼ ਰਚ ਕੇ ਇਕ ਸਰਕਾਰੀ ਮੁਲਾਜਮ ਨੂੰ ਬਦਕਾਰੀ ਦੇ ਕੇਸ ਵਿਚ ਫਸਾਉਣਾ ਚਾਹੁੰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਹੌਲਦਾਰ ਨੂੰ ਸ਼ਿਕਾਇਤਕਰਤਾ ਬਲਜੀਤ ਸਿੰਘ ਰੀਡਰ, ਜੂਡੀਸ਼ੀਅਲ ਮੈਜਿਸਟਰੇਟ, ਲੁਧਿਆਣਾ ਦੀ ਸ਼ਿਕਾਇਤ 'ਤੇ ਫੜਿਆ ਹੈ। 

ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਹ ਗੁਰਿੰਦਰ ਕੌਰ ਨਾਅ ਦੀ ਇਕ ਔਰਤ ਨਾਲ ਫੈਸਬੁੱਕ 'ਤੇ ਸੰਪਰਕ ਵਿਚ ਆਇਆ ਸੀ, ਜਿਸ ਨੇ ਉਸ ਨੂੰ 29 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਐਵਨਿਊ, ਜਲੰਧਰ ਵਿਚ ਆਪਣੀ ਭੈਣ ਨਰਿੰਦਰ ਕੌਰ ਦੇ ਫਲੈਟ ਵਿਚ ਪਹਿਲਾਂ ਤੋਂ ਹੀ ਰਚੀ ਸਾਜਿਸ਼ ਤਹਿਤ ਬੁਲਾਇਆ ਸੀ। ਉਸ ਨੂੰ ਫਸਾਉਣ ਲਈ ਗੁਰਿੰਦਰ ਕੌਰ ਤੇ ਨਰਿੰਦਰ ਕੌਰ ਦੇ ਸਹਿਯੋਗੀ ਹੌਲਦਾਰ ਰਾਜਾ ਸਿੰਘ ਨੇ ਉਸ ਫਲੈਟ ਉਤੇ ਛਾਪਾ ਮਾਰਿਆ ਅਤੇ ਉਸ ਨੂੰ ਅਨੈਤਿਕ ਗਤੀਵਿਧੀਆਂ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕਰਨ ਦੀ ਧਮਕੀ ਦਿਤੀ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਪੁਲਿਸ ਕਰਮਚਾਰੀ ਉਸ ਵਿਰੁਧ ਕੋਈ ਕਾਰਵਾਈ ਨਾ ਕਰਨ ਬਦਲੇ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਸੌਦਾ ਇਕ ਲੱਖ ਰੁਪਏ ਵਿਚ ਤੈਅ ਹੋਇਆ ਹੈ। ਬੁਲਾਰੇ ਨੇ ਇਹ ਵੀ ਕਿਹਾ ਕਿ ਦੋਸ਼ੀ ਔਰਤ ਗੁਰਿੰਦਰ ਕੌਰ ਵੀ ਸ਼ਿਕਾਇਤਕਰਤਾ 'ਤੇ ਦਬਾਅ ਪਾ ਰਹੀ ਸੀ ਕਿ ਉਹ ਪੁਲਿਸ ਕਰਮਚਾਰੀ ਨੂੰ ਵਾਅਦੇ ਮੁਤਾਬਿਕ ਅਦਾਇਗੀ ਯੋਗ ਰਕਮ ਛੇਤੀ ਦੇਵੇ।

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਹੌਲਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਪਹਿਲੀ ਕਿਸ਼ਤ ਵਜੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਬੁਲਾਰੇ ਨੇ  ਦੱਸਿਆ ਕਿ ਉਕਤ ਤਿੰਨ ਦੋਸ਼ੀਆਂ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।