ਡੇਰਾ ਸਿਰਸਾ ਦੀਆਂ ਵੋਟਾਂ ਲੈ ਕੇ ਅਕਾਲੀਆਂ ਨੇ ਸਿੱਖਾਂ ਦੇ ਜ਼ਖ਼ਮਾਂ ਨੂੰ ਦੁਬਾਰਾ ਕੁਰੇਦ ਦਿੱਤਾ- CM ਚਰਨਜੀਤ ਸਿੰਘ ਚੰਨੀ
'ਧੂਰੀ 'ਚ ਭਗਵੰਤ ਮਾਨ ਨੂੰ ਡੇਰਾ ਪ੍ਰੇਮੀ ਵੋਟਾਂ ਪਾ ਰਹੇ ਨੇ, ਮੈਂ ਪਹਿਲਾਂ ਹੀ ਕਿਹਾ ਸੀ ਸਾਰੇ ਰਲੇ ਹੋਏ ਨੇ'
ਚੰਡੀਗੜ੍ਹ (ਨਿਮਰਤ ਕੌਰ): ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ। ਚੋਣਾਂ ਤੋਂ ਇਕ ਦਿਨ ਪਹਿਲਾਂ ਸੌਦਾ ਸਾਧ ਵਲੋਂ ਅਪਣੇ ਸ਼ਰਧਾਲੂਆਂ ਨੂੰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਆਦੇਸ਼ ਦਿੱਤਾ ਗਿਆ। ਇਸ ਮਗਰੋਂ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡੇਰਾ ਸਿਰਸਾ ਦੀਆਂ ਵੋਟਾਂ ਲੈ ਕੇ ਅਕਾਲੀਆਂ ਨੇ ਸਿੱਖਾਂ ਦੇ ਜ਼ਖ਼ਮਾਂ ਨੂੰ ਦੁਬਾਰਾ ਕੁਰੇਦ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਫਿਰ ਤੋਂ ਬੇਅਦਬੀ ਦੇ ਮਸਲੇ ਨੂੰ ਉਜਾਗਰ ਕੀਤਾ ਹੈ। ਉਹਨਾਂ ਨੇ ਪੰਜਾਬੀਆਂ ਨੂੰ ਫਿਰ ਤੋਂ ਅਹਿਸਾਸ ਕਰਵਾਇਆ ਉਹ ਡੇਰਾ ਸਿਰਸਾ ਨਾਲ ਰਲੇ ਹੋਏ ਹਨ।
CM Charanjit Singh Channi
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਸੌਦਾ ਸਾਧ ਨੂੰ ਪੈਰੋਲ ਦਿੱਤੀ ਅਤੇ ਉਹ ਪੰਜਾਬ ਵਿਚ ਅਪਣੇ ਵਿਅਕਤੀ ਤੈਨਾਤ ਕਰਾ ਕੇ ਅਕਾਲੀ ਦਲ ਨੂੰ ਵੋਟ ਪਵਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਫਿਰ ਤੋਂ ਪੰਜਾਬੀਆਂ ਸਾਹਮਣੇ ਬੇਅਦਬੀ ਦਾ ਮੁੱਦਾ ਆ ਗਿਆ ਹੈ, ਅੱਜ ਇਹਨਾਂ ਨੇ ਸੱਚ ਕਰ ਦਿੱਤਾ ਕਿ ਇਹਨਾਂ ਦੀ ਮਿਲੀਭੁਗਤ ਨਾਲ ਬੇਅਦਬੀ ਹੋਈ ਸੀ। ਅੱਜ ਉਹਨਾਂ ਨੇ ਫਿਰ ਤੋਂ ਸਾਡੇ ਜ਼ਖਮਾਂ ਨੂੰ ਕੁਰੇਦ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਇਹਨਾਂ ਲੋਕਾਂ ਨੇ ਰਲ ਕੇ ਬੇਅਦਬੀ ਕਰਵਾਈ ਹੈ। ਇਸ ਦੇ ਲਈ ਅਕਾਲੀ ਦਲ ਜ਼ਿੰਮੇਵਾਰ ਹੈ। ਅਕਾਲੀ ਦਲ ਨੇ ਸਾਬਿਤ ਕੀਤਾ ਕਿ ਉਹ ਡੇਰਾਵਾਦ ਦੇ ਹਮਾਇਤੀ ਹਨ ਅਤੇ ਡੇਰਾ ਸਿਰਸਾ ਨੇ ਸਾਬਿਤ ਕੀਤਾ ਕਿ ਅਕਾਲੀ ਦਲ ਉਹਨਾਂ ਦੀ ਇਕ ਵਿੰਗ ਹੈ।
CM Charanjit Singh Channi
ਉਹਨਾਂ ਕਿਹਾ ਕਿ ਇਹ ਸਾਬਿਤ ਹੁੰਦਾ ਹੈ ਕਿ ਸੌਦਾ ਸਾਧ ਨੂੰ ਮੁਆਫੀ ਦਿਵਾਉਣ ਅਤੇ ਬੇਅਦਬੀ ਲਈ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ। ਮੁੱਖ ਮੰਤਰੀ ਚੰਨੀ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਹਲਕਾ ਧੂਰੀ ਵਿਚ ਸੌਦਾ ਸਾਧ ਦਾ ਸੁਨੇਹਾ ਭਗਵੰਤ ਮਾਨ ਲਈ ਆਇਆ ਹੈ। ਉਹ ਭਗਵੰਤ ਮਾਨ ਦੀ ਹਮਾਇਤ ਕਰ ਰਹੇ ਹਨ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਮੁੜ ਡੇਰਾਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਪੰਜਾਬ ਦੀ ਸਿਆਸਤ ਵਿਚ ਅੱਜ ਦਾ ਦਿਨ ਬਹੁਤ ਅਹਿਮ ਰਿਹਾ। ਵਿਧਾਨ ਸਭਾ ਚੋਣਾਂ ਦੇ ਚਲਦਿਆਂ 1304 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਗਈ ਹੈ।
CM Charanjit Singh Channi
ਵੋਟਾਂ ਵਾਲੇ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਵਿਚ ਸਰਗਰਮ ਨਜ਼ਰ ਆਏ। ਉਹਨਾਂ ਕਿਹਾ ਕਿ ਮੈਂ ਲੋਕਾਂ ਵਿਚ ਰਹਿ ਕੇ ਹੀ ਖੁਸ਼ ਹੁੰਦਾ ਹਾਂ ਅਤੇ ਲੋਕਾਂ ਵਿਚ ਰਹਿ ਕੇ ਹੀ ਮੈਨੂੰ ਤਾਕਤ ਮਿਲਦੀ ਹੈ। ਵੋਟ ਪਾਉਣ ਮਗਰੋਂ ਮੁੱਖ ਮੰਤਰੀ ਚੰਨੀ ਨੇ ਅਪਣੇ ਹਲਕੇ ਦੇ ਵੋਟਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਦਾ ਸੇਵਕ ਹੁੰਦਾ ਹੈ। ਸਾਨੂੰ ਸੇਵਕ ਬਣ ਕੇ ਹੀ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਜ਼ਰੂਰ ਜਾਓ।