ਨਾਹਰਿਆਂ ਤੇ ਲਾਰਿਆਂ ਨਾਲ ਚੱਲ ਰਿਹੈ ਪਿਛਲੇ 72 ਸਾਲ ਤੋਂ ਦੇਸ਼ ਦਾ ਲੋਕਤੰਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸੀ ਪਾਰਟੀਆਂ ਇਕ ਨਾਹਰਾ ਦੇ ਕੇ ਅਗਲੇ ਦੀ ਤਲਾਸ਼ ਕਰਨ ਲੱਗ ਪੈਂਦੀਆਂ ਹਨ

Indian democracy

ਚੰਡੀਗੜ੍ਹ : ਨਾਹਰੇ ਅਤੇ ਜੈਕਾਰੇ ਭਾਰਤ ਦੀ ਪ੍ਰਾਚੀਨ ਕਾਲ ਤੋਂ ਪਛਾਣ ਰਹੇ ਹਨ ਪਰ ਆਜ਼ਾਦੀ ਤੋਂ ਬਾਅਦ ਪਿਛਲੇ 72 ਸਾਲਾਂ ਵਿਚ ਸਿਆਸੀ ਪਾਰਟੀਆਂ ਨੇ ਜਿਹੜੇ ਮਨ ਲੁਭਾਊ ਤੇ ਡੰਗ ਟਪਾਊ ਨਾਹਰੇ ਦੇਸ਼ ਨੂੰ ਦਿਤੇ, ਉਸ ਨਾਲ ਨਾ ਤਾਂ ਗ਼ਰੀਬਾਂ ਦਾ ਢਿੱਡ ਭਰਿਆ ਤੇ ਨਾ ਹੀ ਲੋਕਤੰਤਰ ਹੀ ਮਜ਼ਬੂਤੀ ਵਲ ਵਧਿਆ। ਪਿਛਲੇ ਪੰਜ ਸਾਲਾਂ ਦੇ ਵਿਚ ਭਾਜਪਾ ਨੇ ਜਿਹੜੇ ਨਾਹਰੇ ਦਿਤੇ, ਉਨ੍ਹਾਂ ਦਾ ਜ਼ਮੀਨੀ ਪੱਧਰ 'ਤੇ ਕੀ ਅਸਰ ਪਿਆ, ਇਹ ਸੱਭ ਤੋਂ ਪਹਿਲਾਂ ਵਿਚਾਰਨ ਵਾਲੀ ਗੱਲ ਹੈ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਨੇ ਨਾਹਰਾ ਦਿਤਾ ਸੀ 'ਅੱਛੇ ਦਿਨ ਆਨੇ ਵਾਲੇ ਹੈਂ' ਐਨ.ਡੀ.ਏ ਦੀ ਸਰਕਾਰ ਅਨੁਸਾਰ ਭਾਵੇਂ ਸਾਰੇ ਦੇਸ਼ ਦੇ ਅੱਛੇ ਦਿਨ ਆ ਗਏ ਪਰ ਜ਼ਮੀਲੀ ਹਕੀਕਤ ਇਹ ਹੈ ਕਿ ਪਿਛਲੇ ਪੰਜ ਸਾਲਾਂ 'ਚ ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ, ਅਸਹਿਨਸ਼ੀਲਾ ਵਧੀ। ਮਤਲਬ ਸਾਫ਼ ਕਿ ਜਿਹੜੀਆਂ ਬੀਮਾਰੀਆਂ ਦੇਸ਼ ਨੂੰ ਪਿਛਲੇ 68 ਸਾਲ 'ਚ ਚਿੰਬੜੀਆਂ ਹੋਈਆਂ ਸਨ, ਉਨ੍ਹਾਂ ਵਿਚ ਵਾਧਾ ਹੋਇਆ। ਜਨਤਾ ਦੇ ਅੱਛੇ ਦਿਨ ਇਹ ਆਏ ਕਿ ਉਨ੍ਹਾਂ ਨੂੰ ਅਪਣੇ ਹੀ ਪੈਸੇ ਹਾਸਲ ਕਰਨ ਲਈ ਲਾਈਨਾਂ 'ਚ ਖੜਨਾ ਪਿਆ, ਜੀ.ਐਸ.ਟੀ ਵਰਗੇ ਬੋਝ ਜਨਤਾ 'ਤੇ ਲੱਦ ਦਿਤੇ ਗਏ। 

ਜਿਵੇਂ ਹੀ 2019 ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਭਾਜਪਾ ਨੇ ਇਕ ਹੋਰ ਨਾਹਰਾ ਕੱਢ ਮਾਰਿਆ 'ਮੈਂ ਵੀ ਚੌਕੀਦਾਰ ਹਾਂ' ਕੀ ਇਹ ਨਾਹਰਾ ਵੀ 'ਅੱਛੇ ਦਿਨ ਆਨੇ ਵਾਲੇ ਹੈਂ' ਵਾਂਗ ਹਵਾ 'ਚ ਲਟਕ ਜਾਵੇਗਾ। ਖ਼ਬਰ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਚੌਕੀਦਾਰਾਂ ਨਾਲ ਰਾਬਤਾ ਕਾਇਮ ਕਰਨਗੇ। ਬਹੁਤ ਖ਼ੂਬ, ਜਿਨ੍ਹਾਂ ਦੀ ਪਿਛਲੇ ਪੰਜ ਸਾਲ ਸਾਰ ਨਹੀਂ ਲਈ, ਉਹ ਚੋਣਾਂ ਵੇਲੇ ਯਾਦ ਆ ਗਏ। ਨਾਹਰੇ ਲਾਉਣ ਤੇ ਲਾਰੇ ਲਾਉਣ ਵਾਲੀ ਭਾਜਪਾ ਇਕੱਲੀ ਪਾਰਟੀ ਨਹੀਂ ਹੈ। ਇਨ੍ਹਾਂ ਨਾਹਰਿਆਂ ਤੇ ਲਾਰਿਆਂ ਦੇ ਸਿਰ 'ਤੇ ਸਾਰੀਆਂ ਪਾਰਟੀਆਂ ਨੇ ਅਪਣੀਆਂ ਸਿਆਸੀ ਰੋਟੀਆਂ ਸੇਕੀਆਂ ਹਨ। ਚੀਨ ਭਾਰਤ ਵਲ ਵਧ ਰਿਹਾ ਸੀ ਤੇ ਜਵਾਹਰ ਲਾਲ ਨਹਿਰੂ 'ਹਿੰਦੀ-ਚੀਨੀ ਭਾਈ-ਭਾਈ' ਦਾ ਨਾਹਰਾ ਦੇ ਰਹੇ ਸਨ। ਨਾ ਹੀ ਚੀਨ ਅੱਜ ਤਕ ਭਾਰਤ ਦਾ ਭਾਈ ਬਣਿਆ ਤੇ ਉਲਟਾ ਨਹਿਰੂ ਨੇ ਯੂ.ਐਨ.ਓ ਵਿਚੋਂ ਸਥਾਈ ਸੀਟ ਵੀ ਗਵਾ ਲਈ।

ਇਸ ਤੋਂ ਬਾਅਦ ਬਣੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ 'ਜੈ ਜਵਾਨ ਤੇ ਜੈ ਕਿਸਾਨ' ਦਾ ਨਾਹਰਾ ਦਿਤਾ ਪਰ ਅੱਜ ਦੇਸ਼ ਦੇ ਕਿਸਾਨਾਂ ਤੇ ਜਵਾਨਾਂ ਵਲ ਸਵੱਲੀ ਨਜ਼ਰ ਮਾਰ ਕੇ ਦੇਖੋ, ਸੱਭ ਤੋਂ ਜ਼ਿਆਦਾ ਤਰਸਯੋਗ ਹਾਲਤ ਇਨ੍ਹਾਂ ਦੀ ਹੀ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਬੇਰੁਜ਼ਗਾਰ ਫਿਰਦੇ ਨੌਜਵਾਨ ਨਸ਼ਿਆਂ 'ਚ ਗਲਤਾਨ ਹੋ ਰਹੇ ਹਨ ਤੇ ਜਿਹੜੇ ਜਵਾਨ ਸਰਹੱਦਾਂ ਦੀ ਰਾਖੀ ਕਰ ਰਹੇ ਹਨ, ਉਹ ਆਏ ਦਿਨ ਸ਼ਹੀਦੀਆਂ ਪਾ ਰਹੇ ਹਨ। 

ਇਸ ਤੋਂ ਬਾਅਦ ਕਾਂਗਰਸ ਨੇ 'ਗ਼ਰੀਬੀ ਹਟਾਉ' ਦਾ ਨਾਹਰਾ ਦਿਤਾ ਪਰ ਹੋਇਆ ਕੀ, ਗ਼ਰੀਬੀ ਤਾਂ ਘਟੀ ਨਹੀਂ ਬਲਕਿ ਗ਼ਰੀਬਾਂ ਨੂੰ ਘਟਾਉਣ ਦੀਆਂ ਯੋਜਨਾਵਾਂ ਘੜੀਆਂ ਗਈਆਂ, ਧੱਕੇ ਨਾਲ ਨਲਬੰਦੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ 'ਹਰੀ ਕ੍ਰਾਂਤੀ ਲਿਆਉ ਤੇ ਚਿੱਟੀ ਕ੍ਰਾਂਤੀ' ਵਰਗੇ ਜੁਮਲੇ ਦੇਸ਼ ਨੂੰ ਦਿਤੇ ਗਏ। ਅਖੌਤੀ ਹਰੀ ਕ੍ਰਾਂਤੀ ਨੇ ਜ਼ਮੀਨਾਂ ਬੰਜ਼ਰ ਕਰ ਦਿਤੀਆਂ ਤੇ ਫ਼ਸਲਾਂ ਦੀ ਥਾਂ 'ਤੇ ਜ਼ਹਿਰਾਂ ਉਗਣ ਲੱਗੀਆਂ। ਪੰਜਾਬ ਵਰਗੇ ਖ਼ੁਸ਼ਹਾਲ ਸੂਬੇ ਵਲ ਹੀ ਨਿਗਾਹ ਮਾਰ ਕੇ ਦੇਖ ਲਵੋ, ਇਸੇ ਹਰੀ ਕ੍ਰਾਂਤੀ ਨੇ 90 ਫ਼ੀ ਸਦੀ ਕਿਸਾਨ ਕਰਜ਼ਾਈ ਕਰ ਕੇ ਰੱਖ ਦਿਤੇ। ਇਸੇ ਤਰ੍ਹਾਂ ਚਿੱਟੀ ਕ੍ਰਾਂਤੀ ਅਜਿਹੀ ਆਈ ਕਿ ਲੋਕ ਯੁਰੀਆ ਪਾ ਕੇ ਦੁੱਧ ਤਿਆਰ ਕਰਨ ਲੱਗ ਪਏ। 

ਅਪਣੇ ਪਹਿਲੇ ਕਾਰਜਕਾਲ ਵੇਲੇ ਜਾਂਦੇ ਜਾਂਦੇ ਭਾਜਪਾ ਨੇ 'ਸ਼ਾਇਨਿੰਗ ਇੰਡੀਆ' ਦਾ ਨਾਹਰਾ ਲਾਇਆ ਸੀ ਪਰ ਚਮਕਦੇ ਭਾਰਤ ਦਾ ਕਿਤੇ ਨਾਮੋਂ ਨਿਸ਼ਾਨ ਨਹੀਂ ਹੈ।
ਨਾਹਰੇ ਤੇ ਲਾਰੇ ਲਾਉਣ 'ਚ ਖੇਤਰੀ ਪਾਰਟੀਆਂ ਵੀ ਪਿਛੇ ਨਹੀਂ ਹਨ। ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ 'ਪੰਥ ਖ਼ਤਰੇ 'ਚ ਹੈ' ਦਾ ਨਾਹਰਾ ਲਾਉਂਦਾ ਆ ਰਿਹਾ ਹੈ ਤੇ ਅਕਾਲੀਆਂ ਨੂੰ ਇਹ ਨਾਹਰਾ ਚੋਣਾਂ ਵੇਲੇ ਹੀ ਯਾਦ ਆਉਂਦਾ ਰਿਹਾ ਹੈ। ਹਕੀਕਤ ਸੱਭ ਦੇ ਸਾਹਮਣੇ ਹੈ ਕਿ ਜਿੰਨਾ ਪੰਥ ਨੂੰ ਨੁਕਸਾਨ ਅਕਾਲੀਆਂ ਨੇ ਕੀਤਾ, ਉਹ ਦੁਸ਼ਮਣ ਤੋਂ ਵੀ ਨਾ ਹੋ ਸਕਿਆ।

ਸਿੱਧੀ ਜਿਹੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਹਰ ਪੰਜ ਸਾਲ ਨਵੇਂ ਨਵੇਂ ਨਾਹਰੇ ਲਾ ਕੇ ਜਨਤਾ ਤੋਂ ਵੋਟਾਂ ਬਟੋਰ ਲੈਂਦੀਆਂ ਹਨ ਤੇ ਪਿਛੋਂ ਪੰਜ ਸਾਲ ਲਾਰਿਆਂ ਨਾਲ ਕੱਢ ਦਿੰਦੀਆਂ ਹਨ। ਸਿਆਸੀ ਪਾਰਟੀਆਂ ਦੇ ਇਸ ਰਵਈਏ ਕਾਰਨ ਬਹੁਤੇ ਲੋਕ ਅਪਣੀ ਵੋਟ ਦਾ ਇਸਤੇਮਾਲ ਨਹੀਂ ਕਰਦੇ ਤੇ ਦੇਸ਼ ਦਾ ਲੋਕਤੰਤਰ ਮਜ਼ਬੂਤ ਹੋਣ ਦੀ ਬਜਾਇ ਕਮਜ਼ੋਰ ਹੁੰਦਾ ਜਾ ਰਿਹਾ ਹੈ।