ਯੂਕੇ: ਬ੍ਰੈਡਫੋਰਡ ‘ਚ ਫਸਿਆ ਗੁਰਦਾਸਪੁਰ ਦਾ ਨੌਜਵਾਨ, ਪਾਕਿਸਤਾਨੀ ਮੂਲ ਦੇ ਲੋਕਾਂ ਨੇ ਬਣਾਇਆ ਸੀ ਬੰਧਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੱਜ ਕੇ ਬਚਾਈ ਜਾਨ ਪਰ ਪਾਸਪੋਰਟ ਨਾ ਮਿਲਣ ਕਾਰਨ ਹੋ ਰਿਹਾ ਖੱਜਲ ਖੁਆਰ

Jaspreet Singh

 

ਗੁਰਦਾਸਪੁਰ (ਅਵਤਾਰ ਸਿੰਘ): ਗੁਰਦਾਸਪੁਰ ਅਧੀਨ ਪੈਂਦੇ ਕਸਬਾ ਧਾਰੀਵਾਲ ਦੇ ਪਿੰਡ ਲਾਲੋਵਾਲ ਦੀ ਵਸਨੀਕ ਇਕ ਮਾਂ ਨੇ ਪੰਜਾਬ ਦੇ ਐਨ.ਆਰ.ਆਈ. ਮੰਤਰੀ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਗਾਈ ਹੈ। ਉਨ੍ਹਾਂ ਦੀ ਮੰਗ ਹੈ ਕਿ ਉਸ ਦੇ ਪੁੱਤਰ ਨੂੰ ਜਿਉਂਦੇ ਜੀ ਵਾਪਸ ਲਿਆਂਦਾ ਜਾਵੇ। ਬਲਜਿੰਦਰ ਕੌਰ ਪਤਨੀ ਗੁਰਪਾਲ ਸਿੰਘ ਵਾਸੀ ਲਾਲੋਵਾਲ ਨੇ ਦਸਿਆ ਕਿ ਉਸ ਦਾ ਲੜਕਾ ਜਸਪ੍ਰੀਤ ਸਿੰਘ ਉਮਰ ਕਰੀਬ 28 ਸਾਲ, ਨਵੰਬਰ 2020 ਨੂੰ ਬ੍ਰੈਡਫੋਰਡ, ਯੂ.ਕੇ. ਗਿਆ ਸੀ ਅਤੇ ਇਸ ਦੌਰਾਨ ਸਿਰਫ਼ ਇਕ ਵਾਰ ਵਾਪਸ ਪਰਤਿਆ ਸੀ। ਦੁਬਾਰਾ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤ ਸਕਿਆ।

ਇਹ ਵੀ ਪੜ੍ਹੋ: ਬਾਲਾਸੋਰ ਰੇਲ ਹਾਦਸਾ: ਸਿਗਨਲ ਇੰਜੀਨੀਅਰ ਦੇ ਫਰਾਰ ਹੋਣ ਦੀ ਖ਼ਬਰ ਨੂੰ ਰੇਲਵੇ ਨੇ ਦਸਿਆ ਗ਼ਲਤ

ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੂੰ ਉਥੇ ਰਹਿ ਰਹੇ ਪਾਕਿਸਤਾਨੀ ਮੂਲ ਦੇ ਲੋਕਾਂ ਤੋਂ ਖਤਰਾ। ਇਨ੍ਹਾਂ ਨੇ ਉਸ ਨੂੰ ਬੰਧਕ ਬਣਾਇਆ ਸੀ ਅਤੇ ਇਸ ਸਬੰਧੀ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ। ਵਟਸਐਪ ਰਾਹੀਂ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਯੂ.ਕੇ. ਦੇ ਜਸਪ੍ਰੀਤ ਸਿੰਘ ਨੇ ਦਸਿਆ ਕਿ ਉਹ ਨਵੰਬਰ 2020 ਵਿਚ ਬ੍ਰੈਡਫੋਰਡ ਗਿਆ ਸੀ। ਜਿਥੇ ਉਸ ਨੇ ਦੋ ਸਾਲ ਮਸ਼ੀਨ ਆਪਰੇਟਰ ਵਜੋਂ ਕੰਮ ਕੀਤਾ। ਇਸ ਦੌਰਾਨ ਉਹ ਪੰਜਾਬ ਆਇਆ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਕਾਫੀ ਸੱਟਾਂ ਵੀ ਲੱਗੀਆਂ।

ਇਹ ਵੀ ਪੜ੍ਹੋ: ਚੀਨ ਨੇ ਅਤਿਵਾਦੀ ਸਾਜਿਦ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਦੇ ਮਤੇ ’ਚ ਅੜਿੱਕਾ ਪਾਇਆ

ਇਸ ਤੋਂ ਬਾਅਦ ਜਦੋਂ ਉਹ ਵਾਪਸ ਬ੍ਰੈਡਫੋਰਡ ਗਿਆ ਤਾਂ ਉਸ ਨੇ ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਦੀ ਕਾਰ ਚਲਾਣੀ ਸ਼ੁਰੂ ਕਰ ਦਿਤੀ। ਕੁੱਝ ਦਿਨਾਂ ਬਾਅਦ ਹੀ ਉਕਤ ਲੋਕਾਂ ਨੇ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿਤੀ ਅਤੇ ਉਸ ਨੂੰ ਬੰਧਕ ਬਣਾ ਲਿਆ। ਉਸ ਤੋਂ ਬੰਦੂਕ ਦੀ ਨੋਕ ‘ਤੇ ਕੰਮ ਕਰਵਾਇਆ ਜਾਂਦਾ ਸੀ ਅਤੇ ਦਿਨ ਵਿਚ ਸਿਰਫ਼ ਇਕ ਵਾਰ ਖਾਣ ਲਈ ਸਿਰਫ਼ ਬਰਗਰ ਦਿਤਾ ਜਾਂਦਾ ਸੀ। ਉਸ ਦੇ ਸਾਰੇ ਦਸਤਾਵੇਜ਼, ਉਸ ਦੀ ਸਾਰੀ ਕਮਾਈ ਬੰਦੂਕ ਦੀ ਨੋਕ ‘ਤੇ ਖੋਹ ਲਈ ਗਈ। ਇਸ ਤੋਂ ਬਾਅਦ ਉਸ ਨੂੰ ਕਾਰ ਵਿਚ ਬੰਦ ਕਰਕੇ ਸੌਣ ਲਈ ਰਖਿਆ ਜਾਂਦਾ। ਜਸਪ੍ਰੀਤ ਸਿੰਘ ਨੇ ਦਸਿਆ ਕਿ ਉਸ ’ਤੇ ਦੋ ਵਾਰ ਚਾਕੂ ਨਾਲ ਹਮਲਾ ਵੀ ਕੀਤਾ ਗਿਆ।

ਇਹ ਵੀ ਪੜ੍ਹੋ: ਨੇਪਾਲ ਨੇ ਭਾਰਤ ਦੀ ਨਵੀਂ ਸੰਸਦ ’ਚ ਬਣੇ ਨਕਸ਼ੇ ’ਤੇ ਮੰਗੀ ਰੀਪੋਰਟ 

ਜਸਪ੍ਰੀਤ ਸਿੰਘ ਨੇ ਦਸਿਆ ਕਿ 26 ਅਪ੍ਰੈਲ 2023 ਨੂੰ ਉਹ ਕਿਸੇ ਤਰ੍ਹਾਂ ਕਾਰ ਵਿਚੋਂ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਉਸ ਨੇ ਸਾਰੀ ਘਟਨਾ ਬ੍ਰੈਡਫੋਰਡ ਪੁਲਿਸ ਨੂੰ ਦੱਸੀ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਕੇ ਉਸ ਨੂੰ ਆਪਣੀ ਸੁਰੱਖਿਆ ‘ਚ ਰਖਿਆ ਹੈ। ਜਸਪ੍ਰੀਤ ਨੇ ਦਸਿਆ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਬ੍ਰੈਡਫੋਰਡ ਪੁਲਿਸ ਨੇ ਹਾਈ ਕਮਿਸ਼ਨ ਨੂੰ ਲਿਖਤੀ ਤੌਰ ‘ਤੇ ਵੀ ਇਹ ਜਾਣਕਾਰੀ ਦਿਤੀ ਹੈ ਪਰ ਹਾਈ ਕਮਿਸ਼ਨ ਵਲੋਂ ਉਸ ਨੂੰ ਮੈਨੂੰ ਕਈ ਵਾਰ ਵੀ.ਐਫ.ਐਸ ਗਲੋਬਲ ਅਤੇ ਫਿਰ ਹਾਈ ਕਮਿਸ਼ਨ ਜਾਣ ਲਈ ਕਿਹਾ ਜਾਂਦਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਵਤਨ, ਆਪਣੇ ਦੇਸ਼ ਵਾਪਸ ਆਉਣਾ ਚਾਹੁੰਦਾ ਹੈ। ਉਸ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਨੂੰ ਜਲਦੀ ਤੋਂ ਜਲਦੀ ਉਸ ਦੇ ਵਤਨ ਵਾਪਸ ਲਿਆਂਦਾ ਜਾਵੇ। ਦੂਜੇ ਪਾਸੇ ਮਾਤਾ ਬਲਜਿੰਦਰ ਕੌਰ ਨੇ ਵੀ ਐਨ.ਆਰ.ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਜਲਦੀ ਤੋਂ ਜਲਦੀ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ।