ਨਾਰਾਜ਼ ਵਿਧਾਇਕਾਂ ਦੇ ਗਿਲੇ-ਸ਼ਿਕਵੇ ਦੂਰ ਕਰਾਂਗਾ : ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਪਾਰਟੀ ਦੇ ਨਾਰਾਜ਼ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਹੋਰਨਾਂ ਵਿਧਾਇਕਾਂ.............

Arvind Kejriwal addressing Volunteers

ਸੁਨਾਮ ਊਧਮ ਸਿੰਘ ਵਾਲਾ : ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਪਾਰਟੀ ਦੇ ਨਾਰਾਜ਼ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਹੋਰਨਾਂ ਵਿਧਾਇਕਾਂ ਦੇ ਗਿਲੇ-ਸ਼ਿਕਵੇ ਦੂਰ ਕਰਨ ਲਈ ਪਾਰਟੀ ਵਿਧਾਇਕਾਂ ਦੀ ਡਿਊਟੀ ਲਾਈ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਵਡੇਰੇ ਹਿਤਾਂ ਲਈ ਖ਼ੁਦ ਵੀ ਪਾਰਟੀ ਦੇ ਨਾਰਾਜ਼ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਕੇਜਰੀਵਾਲ ਨੇ ਇਕ ਦਿਨਾ ਪੰਜਾਬ ਫੇਰੀ ਦੌਰਾਨ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੇ ਘਰ ਪਾਰਟੀ ਵਿਧਾਇਕਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਜਿਸ ਵਿਚ ਪਾਰਟੀ ਦੇ ਗਿਆਰਾਂ ਵਿਧਾਇਕ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ।

ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਸਨਮੁਖ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਮਝੌਤਾ ਨਹੀਂ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਲਈ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਬਿਨਾਂ ਦੇਰੀ ਜਨਤਕ ਕਰੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਫ਼ਸਰਾਂ ਅਤੇ ਬਾਦਲਾਂ ਨੂੰ ਬਚਾਉਣ ਲਈ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸੀਬੀਆਈ ਨੂੰ ਦੇ ਰਹੇ ਹਨ। 

ਪਾਰਟੀ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਆਪ ਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ਮੁਤਾਬਕ ਸਿਖਿਆ, ਸਿਹਤ ਸੇਵਾਵਾਂ ਨੂੰ ਬਿਹਤਰ ਬਣਾ ਕੇ ਰੀਕਾਰਡ ਕਾਇਮ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿਤਾ ਕਿ ਦਿੱਲੀ ਵਿਚ ਸਰਕਾਰ ਵਲੋਂ ਕੀਤੇ ਕੰਮਾਂ ਨੂੰ ਆ ਕੇ ਵੇਖਣ ਤਾਕਿ ਉਹ ਵੀ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਮੁਹਈਆ ਕਰਵਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ।          

ਇਸ ਮੌਕੇ ਮੁਨੀਸ਼ ਸਿਸੋਦੀਆ, ਭਗਵੰਤ ਮਾਨ, ਸਾਧੂ ਸਿੰਘ, ਬਲਵੀਰ ਸਿੰਘ, ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਸਰਬਜੀਤ ਕੌਰ ਮਾਣੂੰਕੇ, ਬਲਜਿੰਦਰ ਕੌਰ, ਅਮਨ ਅਰੋੜਾ, ਰੁਪਿੰਦਰ ਕੌਰ ਰੂਬੀ, ਦਿਨੇਸ਼ ਬਾਂਸਲ, ਹਰਕੇਸ਼ ਸਿੰਘ ਸਿੱਧੂ, ਐਡਵੋਕੇਟ ਹਰਦੀਪ ਸਿੰਘ ਭਰੂਰ, ਹਰਪ੍ਰੀਤ ਸਿੰਘ ਹੰਝਰਾਂ, ਗੁਰਿੰਦਰਪਾਲ ਸਿੰਘ ਬਿੱਟੂ ਸਮੇਤ ਹੋਰ ਆਗੂ ਹਾਜ਼ਰ ਸਨ।

ਅਰਵਿੰਦ ਕੇਜਰੀਵਾਲ ਦੇ ਸੁਨਾਮ ਪੁੱਜਣ ਤੋਂ ਕੁੱਝ ਸਮਾਂ ਪਹਿਲਾਂ ਪਾਰਟੀ ਹਾਈ ਕਮਾਨ ਦੀਆਂ ਨੀਤੀਆਂ ਤੋਂ ਨਾਰਾਜ਼ ਵਲੰਟੀਅਰਾਂ ਅਮਨਦੀਪ ਸਿੰਘ ਬਿੱਟੂ, ਪੰਕਜ ਡੋਗਰਾ, ਈਸ਼ਰ ਸਿੰਘ ਫ਼ੌਜੀ, ਮੱਖਣ ਸਿੰਘ ਨਮੋਲ ਅਤੇ ਕੁੱਝ ਹੋਰਾਂ ਨੂੰ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਦਾ ਵਿਰੋਧ ਕਰਨ ਦੇ ਡਰੋਂ ਹਿਰਾਸਤ ਵਿਚ ਲੈ ਲਿਆ ਅਤੇ ਬਾਅਦ ਵਿਚ ਰਿਹਾਅ ਕਰ ਦਿਤਾ। ਨਾਰਾਜ਼ ਵਲੰਟੀਅਰਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਪਾਰਟੀ ਲੀਹਾਂ ਤੋਂ ਹਟ ਕੇ ਹੋਰਨਾਂ ਰਾਜਸੀ ਪਾਰਟੀਆਂ ਵਾਂਗ ਕੰਮ ਕਰ ਰਹੇ ਹਨ।