ਅਰਵਿੰਦ ਕੇਜਰੀਵਾਲ ਨੂੰ ਕੰਮ ਕਰਨ ਦਿਤਾ ਜਾਵੇ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਨੇ ਕਿਹਾ ਕਿ ਕੇਂਦਰ ਨੂੰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ.........

Uddhav Thackeray And Arvind Kejriwal

ਮੁੰਬਈ : ਸ਼ਿਵ ਸੈਨਾ ਨੇ ਕਿਹਾ ਕਿ ਕੇਂਦਰ ਨੂੰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੰਮ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਸ਼ਕਤੀਆਂ ਦੇ ਬਟਵਾਰੇ ਦੇ ਵਿਸ਼ੇ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਆਉਣ ਮਗਰੋਂ ਸ਼ਿਵ ਸੈਨਾ ਦਾ ਇਹ ਬਿਆਨ ਆਇਆ ਹੈ।  ਸ਼ਿਵ ਸੈਨਾ ਨੇ ਕਿਹਾ ਕਿ ਐਲਜੀ ਅਤੇ ਆਪ ਸਰਕਾਰ ਵਿਚਕਾਰ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਚਾਹੁੰਦੇ ਤਾਂ ਉਪ ਰਾਜਪਾਲ ਨੂੰ ਕੰਟਰੋਲ ਕਰ ਸਕਦੇ ਸੀ।

ਸੁਪਰੀਮ ਕੋਰਟ ਨੇ ਦੋ ਦਿਨ ਪਹਿਲਾਂ ਇਤਿਹਾਸਕ ਫ਼ੈਸਲੇ ਵਿਚ ਕਿਹਾ ਸੀ ਕਿ ਐਲਜੀ ਚੁਣੀ ਹੋਈ ਸਰਕਾਰ ਦੀ ਸਲਾਹ 'ਤੇ ਕੰਮ ਕਰਨ ਲਈ ਪਾਬੰਦ ਹਨ ਅਤੇ ਉਹ ਅੜਿੱਕਾ ਨਹੀ ਬਣ ਸਕਦੇ। ਸ਼ਿਵ ਸੈਨਾ ਨੇ ਅਪਣੇ ਰਸਾਲੇ ਵਿਚ ਕਿਹਾ, 'ਘੱਟੋ ਘੱਟ ਹੁਣ ਐਲਜੀ ਅਤੇ ਦਿੱਲੀ ਸਰਕਾਰ ਵਿਚਕਾਰ ਰੇੜਕਾ ਖ਼ਤਮ ਹੋਦਾ ਚਾਹੀਦਾ ਹੈ ਅਤੇ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਅਪਣਾ ਕੰਮ ਕਰਨ ਦੇਣਾ ਚਾਹੀਦਾ ਹੈ।' ਪਾਰਟੀ ਨੇ ਕਿਹਾ ਕਿ ਰਾਜਨੀਤਕ ਰੇੜਕਾ ਕੇਜਰੀਵਾਲ ਅਤੇ ਐਲਜੀ ਅਨਿਲ ਬੈਜਲ ਵਿਚਕਾਰ ਨਹੀਂ ਸੀ ਸਗੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਵਿਚਕਾਰ ਸੀ।

ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਦਿੱਲੀ ਸਰਕਾਰ ਦੇ ਫ਼ੈਸਲਿਆਂ ਵਿਚ ਐਲਜੀ ਦਾ ਦਖਲ਼ ਖ਼ਤਮ ਹੋ ਜਾਵੇਗਾ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਮੋਦੀ ਲਹਿਰ ਦੇ ਬਾਵਜੂਦ ਆਪ ਸਰਕਾਰ 2015 ਵਿਚ ਪ੍ਰਚੰਡ ਫ਼ਤਵੇ ਨਾਲ ਸੱਤਾ ਵਿਚ ਆਈ ਸੀ ਅਤੇ ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਹਿਜ਼ ਤਿੰਨ ਸੀਟਾਂ ਮਿਲੀਆਂ ਸਨ।  (ਏਜੰਸੀ)