ਤਰਨਤਾਰਨ ਤੋਂ ਗੁਆਂਢੀ ਨੇ ਕੀਤਾ ਬੱਚਾ ਅਗ਼ਵਾ, ਬਰਨਾਲਾ ਪੁਲਿਸ ਨੇ ਦਬੋਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀਂ ਤਰਨਤਾਰਨ ਦੇ ਪਿੰਡ ਵੈਰੋਵਾਲ ਬਾਵਿਆ ਤੋਂ ਇਕ ਗੁਆਂਢੀ ਨੇ ਪੈਸਿਆਂ ਦੀ ਜ਼ਿੰਮੇਵਾਰੀ ਨੂੰ ਲੈ ਕੇ 9 ਸਾਲ ਦੇ ਬੱਚੇ ਨੂੰ ਅਗ਼ਵਾ ਕਰ ਲਿਆ ਸੀ...............

Police Officer giving Information

ਬਰਨਾਲਾ : ਪਿਛਲੇ ਦਿਨੀਂ ਤਰਨਤਾਰਨ ਦੇ ਪਿੰਡ ਵੈਰੋਵਾਲ ਬਾਵਿਆ ਤੋਂ ਇਕ ਗੁਆਂਢੀ ਨੇ ਪੈਸਿਆਂ ਦੀ ਜ਼ਿੰਮੇਵਾਰੀ ਨੂੰ ਲੈ ਕੇ 9 ਸਾਲ ਦੇ ਬੱਚੇ ਨੂੰ ਅਗ਼ਵਾ ਕਰ ਲਿਆ ਸੀ ਜਿਸ ਨੂੰ ਤਿੰਨ ਦਿਨਾਂ ਬਾਅਦ ਬਰਨਾਲਾ ਪੁਲਿਸ ਨੇ ਬੱਚੇ ਸਮੇਤ ਮੁਲਜ਼ਮ ਨੂੰ ਦਬੋਚ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਾਜੇਸ਼ ਕੁਮਾਰ ਛਿੱਬਰ ਨੇ ਦਸਿਆ ਕਿ ਜ਼ਿਲ੍ਹਾ ਤਰਨਤਾਰਨ ਦੇ ਜਸਵੀਰ ਸਿੰਘ ਦੇ 9 ਸਾਲ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਨਜ਼ਦੀਕੀ ਗੁਆਂਢੀ ਜਰਨੈਲ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਅਗ਼ਵਾ ਕਰ ਲਿਆ ਸੀ। 

ਉਨ੍ਹਾਂ ਦਸਿਆ ਕਿ ਅਗ਼ਵਾ ਕਰਨ ਦੀ ਵਜ੍ਹਾ ਬੱਚੇ ਦੇ ਪਿਤਾ ਜਸਵੀਰ ਸਿੰਘ ਨੇ ਮੁਲਜ਼ਮ ਜਰਨੈਲ ਸਿੰਘ ਨੂੰ ਅਪਣੇ ਆੜ੍ਹਤੀ ਕੋਲੋਂ ਅਪਣੀ ਜ਼ਿੰਮੇਵਾਰੀ 'ਤੇ ਇਕ ਲੱਖ ਰੁਪਏ ਦੀ ਰਕਮ ਵਿਆਜ 'ਤੇ ਦਿਵਾਈ ਸੀ। ਜੋ ਆੜ੍ਹਤੀ ਵਲੋਂ ਅਪਣੇ ਪੈਸੇ ਦੇ ਲੈਣ-ਦੇਣ ਸਬੰਧੀ ਮੁਲਜ਼ਮ ਜਰਨੈਲ ਸਿੰਘ ਵਿਰੁਧ ਦਾਵਾ ਦਾਇਰ ਕੀਤਾ ਹੋਇਆ ਸੀ ਜਿਸ ਵਿਚ ਜਸਵੀਰ ਸਿੰਘ ਦੀ ਮੌਜੂਦਾ ਗਵਾਹੀ ਸੀ। ਆਉਣ ਵਾਲੀ 21 ਅਗੱਸਤ ਨੂੰ ਜਸਵੀਰ ਸਿੰਘ ਦੀ ਗਵਾਹੀ ਅਦਾਲਤ ਵਿਚ ਹੋਣੀ ਸੀ ਜਿਸ ਨੂੰ ਉਹ ਰੋਕਣਾ ਚਾਹੁੰਦਾ ਸੀ। ਇਸ ਰੰਜਸ਼ ਕਾਰਨ ਉਸ ਨੇ ਇਸ ਬੱਚੇ ਨੂੰ ਅਗ਼ਵਾ ਕੀਤਾ।

ਉਨ੍ਹਾਂ ਦਸਿਆ ਕਿ ਮੁਲਜ਼ਮ ਨੇ ਉਸ ਦੇ ਪਰਵਾਰ ਨੂੰ ਕਿਹਾ ਸੀ ਕਿ ਜੇ ਗਵਾਹੀ ਦਿਤੀ ਤਾਂ ਉਹ ਉਸ ਦੇ ਬੱਚੇ ਨੂੰ ਤੇ ਖ਼ੁਦ ਨੂੰ ਵੀ ਮਾਰ ਦੇਵੇਗਾ। ਇਸ ਸਬੰਧੀ ਅੱਜ ਮਿਲੀ ਕੰਟਰੋਲ ਰੂਮ ਰਾਹੀਂ ਸੂਚਨਾ ਦੇ ਅਧਾਰ 'ਤੇ ਪੁਲਿਸ ਬਲ ਤੈਨਾਤ ਕੀਤਾ ਹੋਇਆ ਸੀ। ਪੀ.ਸੀ.ਆਰ. ਦੇ ਮੁਲਾਜ਼ਮ ਹੌਲਦਾਰ ਕੇਵਲ ਸਿੰਘ ਅਤੇ ਸਿਪਾਹੀ ਗੁਰਮੀਤ ਸਿੰਘ ਕਮਾਂਡੋ ਵਲੋਂ ਨਾਕਾਬੰਦੀ ਦੌਰਾਨ ਅਨਾਜ ਮੰਡੀ ਨਜ਼ਦੀਕ ਬੱਚੇ ਅਤੇ ਮੋਟਰਸਾਈਕਲ ਸਮੇਤ ਮੁਲਜ਼ਮ ਨੂੰ ਦਬੋਚ ਲਿਆ ਗਿਆ। ਉਨ੍ਹਾਂ ਅੱਗੇ ਦਸਿਆ ਕਿ ਬੱਚੇ ਨੂੰ ਸਹੀ ਸਲਾਮਤ ਪਰਵਾਰ ਦੇ ਹਵਾਲੇ ਕਰ ਦਿਤਾ ਗਿਆ ਹੈ।

ਇਸ ਮੌਕੇ ਥਾਣਾ ਸਿਟੀ 1 ਦੇ ਐਸ.ਐਚ.ਓ. ਗੁਰਵੀਰ ਸਿੰਘ, ਥਾਣਾ ਵੈਰੋਵਾਲ ਬਾਵਿਆ ਦੀ ਪੁਲਿਸ ਪਾਰਟੀ ਹਾਜ਼ਰ ਸੀ। ਮੁਲਜ਼ਮ ਨੇ ਬੱਚੇ ਸਮੇਤ ਗੁਰਦਵਾਰੇ ਅਤੇ ਰਿਸ਼ਤੇਦਾਰੀ ਵਿਚ ਕੱਟੀਆਂ ਸਨ ਰਾਤਾਂ: ਪ੍ਰੈਸ ਕਾਨਫ਼ਰੰਸ ਦੌਰਾਨ ਮੁਲਜ਼ਮ ਨੇ ਦਸਿਆ ਕਿ ਬੱਚੇ ਨੂੰ ਉਸ ਨੇ ਇਕ ਰਾਤ ਪਟਿਆਲਾ ਦੇ ਗੁਰਦਵਾਰਾ ਵਿਖੇ ਬੱਚੇ ਨੂੰ ਡਰਾ ਕੇ ਰਖਿਆ ਅਤੇ ਇਕ ਰਾਤ ਅਪਣੇ ਰਿਸ਼ਤੇਦਾਰੀ ਵਿਚ ਡਰਾ ਧਮਕਾ ਕੇ ਰਖਿਆ।