ਖੰਨਾ ਤੋਂ ਅਗ਼ਵਾ ਹੋਇਆ ਬੱਚਾ ਪੁਲਿਸ ਵਲੋਂ ਬਰਾਮਦ
ਖੰਨਾ ਤੋਂ ਬੀਤੇ ਦਿਨ ਅਗ਼ਵਾ ਹੋਇਆ ਢਾਈ ਸਾਲਾ ਬੱਚਾ ਭਾਦਸੋਂ ਪੁਲਿਸ ਨੇ ਬਰਾਮਦ ਕਰ ਲਿਆ ਜਿਸ ਨੂੰ ਅੱਜ ਡੀਐਸਪੀ ਨਾਭਾ ਦਫ਼ਤਰ ਵਿਚ ਖੰਨਾ ਪੁਲਿਸ ਨੂੰ ਸੌਂਪ ਦਿਤਾ...........
ਨਾਭਾ : ਖੰਨਾ ਤੋਂ ਬੀਤੇ ਦਿਨ ਅਗ਼ਵਾ ਹੋਇਆ ਢਾਈ ਸਾਲਾ ਬੱਚਾ ਭਾਦਸੋਂ ਪੁਲਿਸ ਨੇ ਬਰਾਮਦ ਕਰ ਲਿਆ ਜਿਸ ਨੂੰ ਅੱਜ ਡੀਐਸਪੀ ਨਾਭਾ ਦਫ਼ਤਰ ਵਿਚ ਖੰਨਾ ਪੁਲਿਸ ਨੂੰ ਸੌਂਪ ਦਿਤਾ ਗਿਆ। ਜਾਣਕਾਰੀ ਅਨੁਸਾਰ ਇਹ ਬੱਚਾ ਖੰਨਾ ਤੋਂ ਬੀਤੇ ਦਿਨ ਅਗ਼ਵਾ ਕੀਤਾ ਗਿਆ ਸੀ ਜਿਸ ਸਬੰਧੀ ਖੰਨਾ ਪੁਲਿਸ ਕੋਲ ਅਗ਼ਵਾ ਹੋਏ ਬੱਚੇ ਦੇ ਪਿਤਾ ਵਿਨੋਦ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਦੋ ਬੱਚੇ ਗਲੀ ਵਿਚ ਖੇਡ ਰਹੇ ਸਨ ਤਾਂ ਉਸ ਦੇ ਢਾਈ ਸਾਲਾ ਸੂਰਜ ਨਾਮੀ ਬੱਚੇ ਨੂੰ ਇਕ ਅਣਜਾਣ ਬਜ਼ੁਰਗ ਫੁਸਲਾ ਕੇ ਅਪਣੇ ਨਾਲ ਲੈ ਗਿਆ ਤੇ ਕਾਫ਼ੀ ਭਾਲ ਕਰਨ 'ਤੇ ਬੱਚਾ ਮਿਲ ਨਹੀਂ ਰਿਹਾ ਹੈ।
ਇਸ 'ਤੇ ਕਾਰਵਾਈ ਕਰਦਿਆਂ ਖੰਨਾ ਪੁਲਿਸ ਵਲੋਂ ਧਾਰਾ 365 ਆਈਪੀਸੀ ਅਧੀਨ ਐਫ ਆਈ ਆਰ ਨੰ 225 ਦਰਜ ਕਰ ਕੇ ਆਸ ਪਾਸ ਦੇ ਜ਼ਿਲ੍ਹਿਆਂ ਵਿਚ ਪੁਲਿਸ ਨੂੰ ਚੋਕੰਨਾ ਕਰ ਦਿਤਾ। ਡੀਐਸਪੀ ਨਾਭਾ ਦਵਿੰਦਰ ਅੱਤਰੀ ਅਤੇ ਐਸ ਐਚ ਓ ਭਾਦਸੋਂ ਹਰਮਨਪ੍ਰੀਤ ਸਿੰਘ ਚੀਮਾ ਨੇ ਸਾਂਝੇ ਤੌਰ 'ਤੇ ਦਸਿਆ ਕਿ ਪੁਲਿਸ ਅਲਰਟ ਕਾਰਨ ਸਰਗਰਮ ਹੋਈ ਭਾਦਸੋਂ ਪੁਲਿਸ ਨੇ ਘੰਟਿਆਂ ਵਿਚ ਹੀ ਇਸ ਬੱਚੇ ਨੂੰ ਪਿੰਡ ਭੜੀ ਪਨੈਚਾਂ ਦੀ ਪੰਚਾਇਤ ਦੀ ਸਹਾਇਤਾ ਨਾਲ ਬਰਾਮਦ ਕਰ ਲਿਆ ਅਤੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਕਥਿਤ ਦੋਸ਼ੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ। ਇਸ ਮੌਕੇ ਹਾਜ਼ਰ ਪਿੰਡ ਭੜੀ ਪਨੈਚਾਂ ਦੇ ਸਰਪੰਚ ਪ੍ਰਗਟ ਸਿੰਘ ਨੇ ਦਸਿਆ ਕਿ ਇਹ ਵਿਅਕਤੀ ਪਿੰਡ ਦਾ ਹੀ ਵਾਸੀ ਹੈ ਅਤੇ ਸਾਬਕਾ ਫ਼ੌਜੀ ਹੈ। ਇਹ ਬੱਚੇ ਸਮੇਤ ਪਿੰਡ ਦੇ ਗੁਰਦਵਾਰਾ ਸਾਹਿਬ ਕੋਲ ਖੜਾ ਸੀ। ਇਸ ਤੋਂ ਬੱਚਾ ਲੈ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਅਗਲੇਰੀ ਕਾਰਵਾਈ ਕੀਤੀ।*