ਬਰਗਾੜੀ ਕਾਂਡ 'ਚੋਂ ਖੁਦ ਨੂੰ ਬਚਾਉਣ ਲਈ ਬਾਦਲਾਂ ਨੇ ਜਾਂਚ CBI ਨੂੰ ਸੌਂਪੀ ਸੀ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਵਿਰੁਧ ਪੰਜਾਬ ਸਰਕਾਰ ਅਦਾਲਤ 'ਚ ਪਹੁੰਚੀ

Punjab govt has moved court against CBI closure report : Captain Amarinder Singh

ਐਸ.ਏ.ਐਸ. ਨਗਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਵਿਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ’ਤੇ ਅਕਾਲੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਵਿਰੁਧ ਅਦਾਲਤ ਵਿਚ ਪਹੁੰਚ ਕਰ ਚੁੱਕੀ ਹੈ ਤਾਂ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਕਾਨੂੰਨੀ ਸਿੱਟੇ ’ਤੇ ਲਿਜਾਇਆ ਜਾ ਸਕੇ।

ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਹਿਲਾਂ ਤਾਂ ਜਾਣਬੁੱਝ ਕੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਸੀ.ਬੀ.ਆਈ ਦੇ ਹੱਥਾਂ ਵਿਚ ਸੌਂਪਿਆ ਅਤੇ ਉਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ ਵੀ ਆਪਣੇ ਆਕਾਵਾਂ ਦੇ ਇਸ਼ਾਰਿਆਂ ’ਤੇ ਚੱਲਦਿਆਂ ਜਾਂਚ ਨੂੰ ਧੁਰ ਤੱਕ ਲਿਜਾਣ ਦੀ ਬਜਾਏ ਬੰਦ ਕਰ ਦਿੱਤਾ।

ਕੈਪਟਨ ਨੇ 1984 ਦੇ ਦੰਗਿਆਂ ਦੇ ਸੰਦਰਭ ਵਿਚ ਰਾਜੀਵ ਗਾਂਧੀ ਬਾਰੇ ਤੱਥਾਂ ਨੂੰ ਤੋੜਨ-ਮਰੋੜਣ ਦੀ ਕੋਸ਼ਿਸ਼ ਕਰਨ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜਦੋਂ ਇਹ ਦੰਗੇ ਹੋਏ ਸਨ ਤਾਂ ਉਸ ਵੇਲੇ ਸੁਖਬੀਰ ਖੁਦ ਤਾਂ ਅਮਰੀਕਾ ਵਿਚ ਸੀ ਅਤੇ ਉਸ ਨੂੰ ਕੁਝ ਵੀ ਨਹੀਂ ਪਤਾ ਕਿ ਉਸ ਵੇਲੇ ਭਾਰਤ ਵਿਚ ਕੀ ਵਾਪਰਿਆ ਸੀ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਠੋਸ ਗੱਲ ਤੋਂ ਯਭਲੀਆਂ ਮਾਰਨਾ ਸੁਖਬੀਰ ਬਾਦਲ ਦੀ ਪੁਰਾਣੀ ਆਦਤ ਹੈ।

ਭਾਰਤ-ਪਾਕਿ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਪਾਕਿਸਤਾਨ ਆਪਣੀ ਵਚਨਬੱਧਤਾ ਨੂੰ ਨਿਭਾਏਗਾ ਅਤੇ ਉਲੀਕੀ ਗਈ ਯੋਜਨਾ ਦੇ ਮੁਤਾਬਕ ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰੇਗਾ। ਮੋਹਲੇਧਾਰ ਮੀਂਹ ਨਾਲ ਆਏ ਹੜਾਂ ਕਾਰਨ ਸੂਬੇ ਵਿਚ ਹੋਏ ਨੁਕਸਾਨ ਬਾਰੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹੜਾਂ ਨਾਲ ਲਗਭਗ 1700 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਲੋਕਾਂ ਦੇ ਜੀਵਨ ਨੂੰ ਹਰ ਹੀਲੇ ਸੁਰੱਖਿਅਤ ਬਣਾਇਆ ਜਾਵੇਗਾ।