ਪ੍ਰਾਚੀਨ ਮੰਦਿਰ ਦੇ ਸਰੋਵਰ ਦੀਆਂ ਹਜ਼ਾਰਾਂ ਮੱਛੀਆਂ ਮਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਸ਼ਰਾਰਤੀ ਅਨਸਰ ਵਲੋਂ ਸਰੋਵਰ ਦੇ ਪਾਣੀ ਵਿਚ ਜ਼ਹਿਰ ਮਿਲਾਉਣ ਦੀ ਸ਼ੰਕਾ  

Thousands of fish died in the ancient temple

ਬਠਿੰਡਾ ( ਰਜਿੰਦਰ ਅਬਲੂ): ਸ਼ਰਾਰਤੀ ਲੋਕਾਂ ਦਾ ਕੋਈ ਦੀਨ ਜਾਂ ਧਰਮ ਨਹੀਂ ਹੁੰਦਾ ਉਹ ਦਹਿਸ਼ਤ ਪਾਉਣ ਜਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਕਾਲੇ ਕਾਰਨਾਮੇ ਕਰਨ ਲਈ ਉਹ ਰੱਬ ਦੇ ਘਰ ਨੂੰ ਵੀ ਨਹੀਂ ਬਖ਼ਸ਼ਦੇ। ਅਜਿਹੀ ਘਟਨਾਂ ਬਠਿੰਡਾ ਜ਼ਿਲ੍ਹੇ ਦੇ ਨਥਾਣਾਂ ਤਹਿਸੀਲ ਦੇ ਪਿੰਡ ਕਲਿਆਣ ਮੱਲਕਾ ਦੇ ਮੰਦਰ ਵਿਚ ਵਾਪਰੀ।

 ਜਾਣਕਾਰੀ ਦਿੰਦੇ ਹੋਏ ਥਾਣਾ ਨਥਾਣਾ ਦੇ ਸਹਾਇਕ ਥਾਣੇਦਾਰ ਨਵਯੁੱਗਦੀਪ ਸਿੰਘ ਨੇ ਦਸਿਆ ਕਿ ਪਿੰਡ ਕਲਿਆਣ ਮੱਲਕਾ ਵਿਚ ਇਕ ਸ਼ਿਵ ਜੀ ਦਾ ਪ੍ਰਾਚੀਨ ਮੰਦਰ ਹੈ ਅਤੇ ਬੀਤੀ ਰਾਤ ਮੰਦਰ ਦੇ ਸਰੋਵਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮੱਛੀਆਂ ਮਰ ਗਈਆਂ। ਸ਼ੱਕ ਕੀਤਾ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਸ਼ਰਾਰਤੀ ਵਿਆਕਤੀ ਨੇ ਇਸ ਸਰੋਵਰ ਵਿਚ ਜ਼ਹਿਰ ਮਿਲਾ ਦਿਤਾ ਹੋਵੇ। ਸਵੇਰ ਹੁੰਦੇ ਹੀ ਪੁਲਿਸ ਨੂੰ ਮੰਦਰ ਕਮੇਟੀ ਦੇ ਸਕੱਤਰ ਨਰਿੰਦਰ ਕੁਮਾਰ ਨੇ ਇਸ ਬਾਰੇ ਸੂਚਨਾਂ ਦਿਤੀ ਜਿਸ ਕਰ ਕੇ ਪੁਲਿਸ ਨੇ ਤੁਰਤ ਮੌਕੇ ਉਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ।

ਸਹਾਇਕ ਥਾਣੇਦਾਰ ਨਵਯੁੱਗਦੀਪ ਸਿੰਘ ਨੇ ਦਸਿਆ ਕਿ ਮੰਦਰ ਦੇ ਵਿਚ ਅਤੇ ਬਾਹਰ ਕੈਮਰੇ ਨਾ ਲੱਗੇ ਹੋਣ ਕਾਰਨ ਦੋਸ਼ੀ ਤਕ ਪਹੁੰਚਣ ਵਿਚ ਦਿੱਕਤ ਆ ਰਹੀ ਹੈ ਪਰ ਫਿਰ ਵੀ ਪੁਲਿਸ ਨੇ ਮੱਛੀ ਪਾਲਣ ਵਿਭਾਗ ਨੂੰ ਮੌਕੇ 'ਤੇ ਬਲਾਇਆ ਜਿਸ ਦੇ ਕਰਮਚਾਰੀਆਂ ਨੇ ਮੱਛੀਆਂ ਅਤੇ ਪਾਣੀ ਦੇ ਸੈਂਪਲ ਲਏ ਗਏ ਹਨ ਜਿਸ ਦੀ ਰਿਪੋਰਟ ਆਉਣ 'ਤੇ ਹੀ ਸਾਰੀ ਸਥਿਤੀ ਸਾਫ਼ ਹੋਵੇਗੀ ਫਿਰ ਵੀ ਪੁਲਿਸ ਨੇ ਧਾਰਾ 429 ਦੇ ਤਹਿਤ ਅਣਪਛਾਤੇ ਵਿਆਕਤੀ ਤੇ ਮਾਮਲਾ ਦਰਜ ਕਰ ਲਿਆ ਹੈ। 

ਕੀ ਕਿਹਾ ਮੰਦਰ ਕਮੇਟੀ ਦੇ ਸਕੱਤਰ ਨੇ: ਪ੍ਰਾਚੀਨ ਸ਼ੰਕਰ ਮਹਾਰਾਜ ਜੀ ਦੇ ਮੰਦਰ ਦੀ ਕਮੇਟੀ ਦੇ ਸਕੱਤਰ ਨਰਿੰਦਰ ਕੁਮਾਰ ਨੇ ਸਪੋਕਸਮੈਨ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਮੰਦਰ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਲੱਖਾਂ ਲੋਕਾਂ ਦੀ ਆਸਥਾ ਇਸ ਨਾਲ ਜੁੜੀ ਹੋਣ ਕਰ ਕੇ ਇਸ ਵਿਚ ਮੱਛੀਆਂ ਛੱਡੀਆਂ ਗਈਆਂ ਸਨ ਕਿਉਂਕਿ ਲੋਕ ਮੱਛੀਆਂ ਨੂੰ ਆਟਾ ਵਗੇਰਾ ਪਾਉਂਦੇ ਹਨ ਪਰ ਅੱਜ ਤਕ ਕਦੇ ਵੀ ਅਜਿਹੀ ਘਟਨਾਂ ਨਹੀਂ ਵਾਪਰੀ।