ਸਰਕਾਰੀ ਹਸਪਤਾਲਾਂ ’ਚ ਮੁਫ਼ਤ ਦਵਾਈਆਂ ਦੇਣ ਸਬੰਧੀ ਢਿੱਲ ਨਹੀਂ ਕੀਤੀ ਜਾਵੇਗੀ ਬਰਦਾਸ਼ਤ: ਬਲਬੀਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਆਰੀ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਹੀ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ

Laxity in providing free medicines at govt. hospitals not be tolerated: Balbir Sidhu

ਚੰਡੀਗੜ੍ਹ: ਸਿਹਤ ਵਿਭਾਗ ਵਲੋਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਰ ਕਿਸਮ ਦੀਆਂ ਮੁਫ਼ਤ ਦਵਾਈਆਂ ਦੀ ਢੁਕਵੀਂ ਉਪਲੱਬਤਾ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਜ਼ਰੂਰੀ ਦਵਾਈਆਂ ਲੈਣ ਲਈ ਭੱਜ ਦੌੜ ਨਾ ਕਰਨੀ ਪਵੇ ਤੇ ਉਹਨਾਂ ਨੂੰ ਪ੍ਰਾਈਵੇਟ ਡਰੱਗ ਸਟੋਰਾਂ ਤੋਂ ਦਵਾਈਆਂ ਖਰੀਦਣ ਲਈ ਪੈਸੇ ਨਾ ਖਰਚਣੇ ਪੈਣ। ਮਿਆਰੀ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਮੇਰਾ ਮੁੱਖ ਏਜੰਡਾ ਹੈ ਕਿ ਸੂਬੇ ਦੇ ਵਸਨੀਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਕਤ ਪ੍ਰਗਟਾਵਾ ਸ. ਬਲਬੀਰ ਸਿੰਘ ਸਿੱਧੂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸਿਹਤ ਵਿਭਾਗ ਦੇ ਸਾਰੇ ਵਿੰਗਾਂ ਦੇ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੰਤਰੀ ਨੇ ਕਿਹਾ, “ਮਾਨਸੂਨ ਆਉਣ ਵਾਲਾ ਹੈ, ਇਸ ਲਈ ਮੈਂ ਸਮੂਹ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਸੂਬੇ ਦੇ ਵਸਨੀਕਾਂ ਨੂੰ ਸਮਰਪਿਤ ਭਾਵਨਾ ਨਾਲ ਸੇਵਾਵਾਂ ਦੇਣ ਲਈ ਤਿਆਰ ਰਹਿਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ।

ਸਿਹਤ ਵਿਭਾਗ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਵਿਭਾਗਾਂ ਵਿੱਚੋਂ ਇੱਕ ਹੈ ਅਤੇ ਡਾਕਟਰਾਂ ਦਾ ਫਰਜ਼ ਹੈ ਕਿ ਉਹ ਨਾਗਰਿਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਜਾਗਰੂਕ ਕਰਨ। ਮੈਂ ਕਾਮਨਾ ਕਰਦਾ ਹਾਂ ਕਿ ਵੱਖ- ਵੱਖ ਬੀਮਾਰੀਆਂ ਤੋਂ ਪੀੜਤ ਮਰੀਜਾਂ ਦੇ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਦਾ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਇਮਾਨਦਾਰੀ ਨਾਲ ਡਿਊਟੀ ਕਰੇਗਾ।”

ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦਫ਼ਤਰ, ਸੈਕਟਰ-34 ਚੰਡੀਗੜ੍ਹ ਵਿਖੇ ਵਿਭਾਗ ਦੇ ਸਾਰੇ ਵਿੰਗਾਂ ਨਾਲ ਮੀਟਿੰਗ ਕੀਤੀ। ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ ਨੇ ਸ. ਸਿੱਧੂ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਵਿਭਿੰਨ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦਿਤੀ। ਜੱਚਾ ਅਤੇ ਬੱਚਾ ਸਿਹਤ ਸੰਭਾਲ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ, ਮੰਤਰੀ ਨੇ ਡਾਇਰੈਕਟਰ ਪਰਿਵਾਰ ਭਲਾਈ ਨੂੰ ਕਿਹਾ ਕਿ ਉਹ ਸਰਕਾਰੀ ਹਸਪਤਾਲਾਂ ਵਿਚ ਸੰਸਥਾਗਤ ਜਣੇਪਿਆਂ ਵਿਚ ਵਾਧੇ ਅਤੇ ਗਰਭਵਤੀ ਮਹਿਲਾਵਾਂ ਨੂੰ ਉੱਤਮ ਸਿਹਤ ਸੇਵਾਵਾਂ ਮਿਲਣਾ ਯਕੀਨੀ ਬਣਾਉਣ

ਤਾਂ ਜੋ ਮਾਂ ਅਤੇ ਬੱਚਾ ਮੌਤ ਦਰ ਨੂੰ ਘਟਾਇਆ ਜਾ ਸਕੇ। ਈ.ਐਸ.ਆਈ. ਹਸਪਤਾਲਾਂ ਬਾਰੇ ਵਿਚਾਰ ਚਰਚਾ ਕਰਦਿਆਂ, ਸ. ਸਿੱਧੂ ਨੇ ਸੰਤੁਸ਼ਟੀ ਜਤਾਈ ਕਿ ਪੰਜਾਬ ਸਰਕਾਰ ਵਲੋਂ ਈ.ਐਸ.ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਪੰਜਾਬ ਲਈ ਰਾਖਵੀਆਂ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀਆਂ ਖਾਲੀ ਅਸਾਮੀਆਂ ਭਰ ਲਈਆਂ ਗਈਆਂ ਹਨ। ਸ. ਸਿੱਧੂ ਨੇ ਅਧਿਕਾਰੀਆਂ ਨੂੰ ਈ.ਐਸ.ਆਈ. ਹਸਪਤਾਲਾਂ ਦੇ ਕੰਮਕਾਜ ਨੂੰ ਦਰੁਸਤ ਕਰਨ ਲਈ ਕਿਹਾ ਤਾਂ ਜੋ ਰਜਿਸਟਰਡ ਕਾਮਿਆਂ ਅਤੇ ਹੋਰ ਉਸਾਰੀ ਕਿਰਤੀਆਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਸ. ਸਿੱਧੂ ਨੇ ਵਧੀਕ ਮੁੱਖ ਸਕੱਤਰ ਨੂੰ ਮੀਟਿੰਗ ਵਿੱਚ ਜਾਰੀ ਨਿਰਦੇਸ਼ਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਈ.ਐਸ.ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀ ਮੀਟਿੰਗ ਬਲਾਉਣ ਲਈ ਕਿਹਾ। ਮੀਟਿੰਗ ਵਿਚ ਸੰਸਥਾਗਤ ਜਣੇਪਿਆਂ, ਟੀਕਾਕਰਣ ਪ੍ਰੋਗਰਾਮ, ਜੱਚਾ ਤੇ ਬੱਚਾ ਸਿਹਤ ਸੰਭਾਲ, ਮਾਨਸਿਕ ਸਿਹਤ ਅਤੇ ਨਸ਼ਾ ਛੁਡਾਉ ਪ੍ਰੋਗਰਾਮ, ਟੀ.ਬੀ. ਕੰਟਰੋਲ ਪ੍ਰੋਗਰਾਮ, ਏਡਜ਼ ਕੰਟਰੋਲ ਪ੍ਰੋਗਰਾਮ ਅਤੇ ਹੈਲਥ ਤੇ ਵੈੱਲਨੈੱਸ ਸੈਂਟਰਾਂ ਦੀ ਕਾਰਜ ਪ੍ਰਣਾਲੀ ਬਾਰੇ ਵੀ ਚਰਚਾ ਕੀਤੀ ਗਈ।

ਮੰਤਰੀ ਨੇ ਅਧਿਕਾਰੀਆਂ ਨੂੰ ਹਸਪਤਾਲਾਂ ਵਿੱਚ ਕੰਮ ਦੌਰਾਨ ਵੱਖ-ਵੱਖ ਕਰਮਚਾਰੀਆਂ ਵਲੋਂ ਢੁੱਕਵੀ ਵਰਦੀ ਪਹਿਣੇ ਜਾਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿਤੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਅਮਿਤ ਕੁਮਾਰ ਐਮ.ਡੀ.,ਐਨ.ਐਚ.ਐਮ., ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਸੇਵਾਵਾਂ, ਡਾ. ਅਵਨੀਤ ਕੌਰ, ਡਾਇਰੈਕਟਰ ਪਰਿਵਾਰ ਭਲਾਈ, ਡਾ. ਰੀਟਾ ਭਾਰਦਵਾਜ, ਡਾਇਰੈਕਟਰ ਐਨ.ਐਚ.ਐਮ., ਡਾ. ਜਸਪਾਲ ਸਿੰਘ ਬੱਸੀ,

ਡਾਇਰੈਕਟਰ ਈ. ਐਸ.ਆਈ. ਡਾ. ਮੀਨਾ ਹਰਦੀਪ, ਡਾਇਰੈਕਟਰ ਪੀ.ਐਚ.ਐਸ.ਸੀ., ਸਿਹਤ ਵਿਭਾਗ ਦੇ ਸਾਰੇ ਡਿਪਟੀ ਡਾਇਰੈਕਟਰਜ਼ ਸਮੇਤ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਮੱਛਲੀ ਕਲਾਂ ਵੀ ਸ਼ਾਮਲ ਸਨ।