ਕੁੱਝ ਦਿਨ ਪਹਿਲਾਂ ਇਰਾਕ 'ਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਦੇਹ ਪਹੁੰਚੀ ਪਿੰਡ, ਨਮ ਅੱਖਾਂ ਨਾਲ ਕੀਤਾ ਅੰਤਿਮ ਸਸਕਾਰ 

ਏਜੰਸੀ

ਖ਼ਬਰਾਂ, ਪੰਜਾਬ

ਹਾਦਸੇ ਦੌਰਾਨ ਕਮਲ ਕੁਮਾਰ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਸਨ

Kamal Kumar

ਜਲੰਧਰ  : ਰੋਜ਼ੀ-ਰੋਟੀ ਲਈ ਇਰਾਕ ਗਏ ਜਲੰਧਰ ਦੇ ਕਰੀਬੀ ਪਿੰਡ ਛੋਕਰਾਂ ਦੇ ਵਸਨੀਕ ਨੌਜਵਾਨ ਦੀ ਬੀਤੇ ਦਿਨੀਂ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪੁੱਜਣ 'ਤੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਮੌਕੇ ਪਿੰਡ ਦੀ ਹਰ ਅੱਖ ਨਮ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਹਰਕਮਲ ਕੁਮਾਰ ਉਰਫ਼ ਕਮਲ ਕੁਮਾਰ (30) ਪੁੱਤਰ ਮੱਖਣ ਰਾਮ ਵਾਸੀ ਪਿੰਡ ਛੋਕਰਾਂ (ਜਲੰਧਰ) ਇਰਾਕ ਦੇ ਸ਼ਹਿਰ ਇਰਬਲ (ਕੁਰਗਿਸਤਾਨ) 'ਚ ਰੋਜ਼ੀ-ਰੋਟੀ ਦੀ ਖ਼ਾਤਰ ਗਿਆ ਸੀ।

ਜਿਸ ਦਿਨ ਉਸ ਨਾਲ ਹਾਸਦਾ ਵਾਪਰਿਆਂ ਉਸ ਦਿਨ ਵੀ ਉਹ ਆਪਣੇ ਸਾਥੀ ਨਾਲ ਕੰਮ 'ਤੇ ਜਾ ਰਿਹਾ ਸੀ ਕਿ ਉਨ੍ਹਾਂ ਦੇ ਵਾਹਨ ਦੀ ਇੱਕ ਚਾਰਪਹੀਆ ਵਾਹਨ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਦੌਰਾਨ ਕਮਲ ਕੁਮਾਰ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਤੇ ਹੁਣ ਕਮਲ ਕੁਮਾਰ ਦੀ ਮ੍ਰਿਤਕ ਦੇਹ ਦਾ ਪਿੰਡ ਛੋਕਰਾਂ ਪਹੁੰਚਣ 'ਤੇ  ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।