ਪੁਲਵਾਮਾ ਤੋਂ ਵੀ ਵੱਡੇ ਹਮਲੇ ਦਾ ਅਲਰਟ, ਜੈਸ਼ ਰਚ ਰਿਹੈ ਵੱਡੀ ਸਾਜ਼ਿਸ਼
ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਵਾਰਾਂ ਦੀਆਂ ਅੱਖਾਂ ਦੇ ਹੰਝੂ ਅਜੇ ਸੁੱਕੇ ਵੀ ਨਹੀਂ ਹਨ ਕਿ ਇਕ ਹੋਰ ਨਵਾਂ...
ਸ਼੍ਰੀਨਗਰ : ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਵਾਰਾਂ ਦੀਆਂ ਅੱਖਾਂ ਦੇ ਹੰਝੂ ਅਜੇ ਸੁੱਕੇ ਵੀ ਨਹੀਂ ਹਨ ਕਿ ਇਕ ਹੋਰ ਨਵਾਂ ਖ਼ਤਰਾ ਪੈਦਾ ਹੋ ਗਿਆ ਹੈ। ਖ਼ੁਫ਼ੀਆ ਸੂਤਰਾਂ ਮੁਤਾਬਕ ਜੈਸ਼-ਏ-ਮੁਹੰਮਦ ਪੁਲਵਾਮਾ ਤੋਂ ਵੀ ਵੱਡਾ ਹਮਲਾ ਕਰ ਸਕਦਾ ਹੈ, ਇਹ ਹਮਲਾ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਹੀ ਹੋ ਸਕਦਾ ਹੈ। ਜਿਸ ਦੇ ਲਈ ਗੱਡੀ ਵੀ ਤਿਆਰ ਕਰ ਲਈ ਗਈ ਹੈ।
ਖ਼ੁਫ਼ੀਆ ਏਜੰਸੀਆਂ ਨੂੰ ਜੋ ਇਨਪੁੱਟ ਮਿਲੇ ਹਨ ਉਸ ਦੇ ਮੁਤਾਬਕ ਉੱਤਰੀ ਕਸ਼ਮੀਰ ਵਿਚ ਚੌਂਕੀਬਲ ਅਤੇ ਤੰਗਧਾਰ ਵਿਚ IED ਬਲਾਸਟ ਦੇ ਜ਼ਰੀਏ ਹਮਲਾ ਕਰਨ ਦੀ ਸਾਜਿਸ਼ ਵਿਚ ਹੈ ਜੈਸ਼। ਤਾਜ਼ਾ ਇਨਪੁੱਟ ਮਿਲਣ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਨੇ ਸੁਰੱਖਿਆ ਬਲਾਂ ਨੂੰ ਚੌਕੰਨਾ ਰਹਿਣ ਨੂੰ ਕਿਹਾ ਹੈ। ਇਨਪੁਟ ਦੇ ਮੁਤਾਬਕ ਜੈਸ਼ ਦੇ ਅਤਿਵਾਦੀਆਂ ਵਲੋਂ ਇਕ ਗੱਡੀ ਨੂੰ ਤਿਆਰ ਕਰ ਲਿਆ ਗਿਆ ਹੈ, ਜਿਸ ਦੇ ਜ਼ਰੀਏ IED ਬਲਾਸਟ ਕਰ ਕੇ ਇਕ ਵਾਰ ਫਿਰ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
ਇਸ ਹਮਲੇ ਲਈ ਇਕ ਹਰੇ ਰੰਗ ਦੀ ਸਕਾਰਪੀਓ ਗੱਡੀ ਨੂੰ ਤਿਆਰ ਕੀਤਾ ਗਿਆ ਹੈ ਤਾਂਕਿ ਇਕ ਵਾਰ ਫਿਰ ਪੁਲਵਾਮਾ ਦੀ ਤਰ੍ਹਾਂ ਵੱਡਾ ਹਮਲਾ ਕੀਤਾ ਜਾਵੇ। ਜੋ ਮੈਸੇਜ ਡਿਕੋਡ ਹੋਇਆ ਹੈ ਉਸ ਦੇ ਮੁਤਾਬਕ ਪਿਛਲੇ ਹਮਲੇ ਵਿਚ 200 ਕਿੱਲੋਗ੍ਰਾਮ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ ਸੀ ਪਰ ਇਸ ਹਮਲੇ ਵਿਚ 500 ਕਿੱਲੋਗ੍ਰਾਮ ਵਿਸਫੋਟਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸੁਨੇਹੇ ਵਿਚ ਕਿਹਾ ਗਿਆ ਹੈ ਕਿ ਫ਼ੌਜ ਨੂੰ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨਾ ਚਾਹੀਦਾ ਹੈ।
ਇਹ ਜੰਗ ਸਾਡੇ (ਜੈਸ਼) ਅਤੇ ਫ਼ੌਜ ਦੇ ਵਿਚ ਹੈ, ਅਸੀ ਲੜਨ ਲਈ ਤਿਆਰ ਹਾਂ। ਦੱਸ ਦਈਏ ਕਿ ਇਕ ਹੋਰ ਇਨਪੁਟ ਵਿਚ ਇਹ ਵੀ ਪਤਾ ਲੱਗਿਆ ਹੈ ਕਿ ਕੁੱਝ ਲੋਕਲ ਕਸ਼ਮੀਰੀਆਂ ਨੂੰ ਅਤਿਵਾਦੀ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਸਰਹੱਦ ਪਾਰ 5-6 ਅਤਿਵਾਦੀ ਪਰਵੇਸ਼ ਲਈ ਗੁਰੇਜ ਸੇਕਟਰ ਦੇ ਕੋਲ ਬੈਠੇ ਹਨ ਜੋ ਹੁਕਮ ਮਿਲਦੇ ਹੀ ਹਿੰਦੁਸਤਾਨ ਵਿਚ ਦਾਖ਼ਲ ਹੋ ਜਾਣਗੇ।
ਦੱਸ ਦਈਏ ਕਿ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਹੀ ਅਤਿਵਾਦੀਆਂ ਨੇ ਪੁਲਵਾਮਾ ਵਿਚ ਵੱਡਾ ਅਤਿਵਾਦੀ ਹਮਲਾ ਕੀਤਾ ਸੀ। ਜਿਸ ਵਿਚ ਫ਼ੌਜ ਦੇ 40 ਜਵਾਨ ਸ਼ਹੀਦ ਹੋ ਗਏ ਸਨ, ਇਹ ਹਮਲਾ ਜੈਸ਼ ਦੇ ਅਤਿਵਾਦੀ ਆਦਿਲ ਅਹਿਮਦ ਡਾਰ ਨੇ ਕੀਤਾ ਸੀ। ਆਦਿਲ ਇਕ ਗੱਡੀ ਲੈ ਕੇ ਸੀਆਰਪੀਐਫ਼ ਦੇ ਕਾਫ਼ਲੇ ਵਿਚ ਜਾ ਟੱਕਰ ਮਾਰੀ ਸੀ, ਜਿਸ ਦੇ ਨਾਲ ਵੱਡਾ ਬਲਾਸਟ ਹੋਇਆ ਸੀ।