ਅਕਾਲੀਆਂ ਨਾਲ ਭਾਜਪਾ ਦੀ ਪੁਰਾਣੀ ਸਾਂਝ ਹੈ ਤੇ ਇਹ ਬਰਕਰਾਰ ਰਹੇਗੀ-ਜੇ.ਪੀ. ਨੱਢਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁੱਤਰ ਦੇ ਵਿਆਹ ਦਾ ਸੱਦਾ ਦੇਣ ਪਿੰਡ ਬਾਦਲ ਪੁੱਜੇ ਜੇ.ਪੀ. ਨੱਢਾ

Photo

ਬਠਿੰਡਾ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਤਰੇੜਾਂ ਪੈਣ ਦੀਆਂ ਚਰਚਾਵਾਂ 'ਤੇ ਇਕ ਦਫ਼ਾ ਰੋਕ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ 'ਅਕਾਲੀਆਂ ਨਾਲ ਭਾਜਪਾ ਦੀ ਪੁਰਾਣੀ ਸਾਂਝ ਹੈ ਅਤੇ ਇਹ ਆਉਣ ਵਾਲੇ ਸਮੇਂ ਵਿਚ ਵੀ ਬਰਕਰਾਰ ਰਹੇਗੀ।'

ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪਣੇ ਪੁੱਤਰ ਦੇ ਵਿਆਹ ਦਾ ਸੱਦਾ ਦੇਣ ਪਿੰਡ ਬਾਦਲ ਪੁੱਜੇ ਨੱਢਾ ਨੇ ਇਸ ਮੌਕੇ ਸੰਖੇਪ ਗੱਲਬਾਤ ਵਿਚ ਕਿਹਾ ਕਿ ਸ. ਬਾਦਲ ਨਾਲ ਉਨ੍ਹਾਂ ਦੀ ਸਿਰਫ਼ ਸਿਆਸੀ ਸਾਂਝ ਨਹੀਂ, ਬਲਕਿ ਪੁਰਾਣੇ ਪ੍ਰਵਾਰਕ ਸਬੰਧ ਵੀ ਹਨ।

ਭਾਜਪਾ ਪ੍ਰਧਾਨ ਮੁਤਾਬਕ ਜਦੋਂ ਉਹ ਭਾਜਪਾ ਦੇ ਯੂਵਾ ਮੋਰਚੇ ਵਿਚ ਕੰਮ ਕਰਦੇ ਸਨ ਤੇ ਬਾਅਦ ਵਿਚ ਪੰਜਾਬ ਵਿਚ ਪਾਰਟੀ ਦੇ ਇੰਚਾਰਜ਼ ਸਨ ਤਾਂ ਉਸ ਸਮੇਂ ਤੋਂ ਹੀ ਸਾਬਕਾ ਮੁੱਖ ਮੰਤਰੀ ਨਾਲ ਨੇੜਤਾ ਚੱਲੀ ਆ ਰਹੀ ਹੈ। ਨੱਢਾ ਮੁਤਾਬਕ ਅਕਾਲੀ ਦਲ ਕੌਮੀ ਜਮਹੂਰੀ ਗਠਜੋੜ ਦਾ ਪੁਰਾਣਾ ਹਿੱਸੇਦਾਰ ਹੈ ਤੇ ਕੇਂਦਰ ਵਿਚ ਵੀ ਦੋਨੇ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਜਬੂਤੀ ਨਾਲ ਕੰਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਵੀ ਸਾਬਕਾ ਮੁੱਖ ਮੰਤਰੀ ਨਾਲ ਪਿੰਡ ਬਾਦਲ ਵਿਖੇ ਮੁਲਾਕਾਤ ਕੀਤੀ ਸੀ। ਜਦਕਿ ਜੇਪੀ ਨੱਢਾ ਵੀ ਵਿਸੇਸ ਤੌਰ 'ਤੇ ਪੁੱਜੇ ਸਨ। ਉਹ ਪਹਿਲਾਂ ਹੈਲੀਕਾਪਟਰ ਰਾਹੀਂ ਬਠਿੰਡਾ ਪੁੱਜੇ ਤੇ ਫਿਰ ਸੜਕ ਰਸਤੇ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਪੈਂਦੇ ਬਾਦਲਾਂ ਦੇ ਜੱਦੀ ਪਿੰਡ ਬਾਦਲ ਗਏ। ਇਸ ਮੌਕੇ ਭਾਜਪਾ ਦੇ ਵਰਕਰਾਂ ਵਲੋਂ ਕਈ ਥਾਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।