ਕੈਪਟਨ ਸਾਹਮਣੇ 'ਮੂੰਹ-ਜ਼ੋਰ' ਹੋਏ ਵਿਧਾਇਕ, ਕਹਿ ਦਿਤੀ ਵੱਡੀ ਗੱਲ!

ਏਜੰਸੀ

ਖ਼ਬਰਾਂ, ਪੰਜਾਬ

ਵਿਧਾਇਕਾਂ ਨੂੰ ਅਪਣੀ ਗੱਲ ਪਾਰਟੀ ਪਲੇਟਫਾਰਮ ਪੱਧਰ 'ਤੇ ਰੱਖਣ ਦੀ ਨਸੀਹਤ

file photo

ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿਉਂ ਜਿਉਂ ਨੇੜਲੇ ਆ ਰਹੀਆਂ ਹਨ, ਸਿਆਸੀ ਆਗੂਆਂ ਅੰਦਰਲੀ ਕਾਹਲ ਤੇ ਘਬਰਾਹਟ ਵੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਪਿਛਲੇ ਤਿੰਨ ਸਾਲਾਂ ਤੋਂ ਸੱਤਾ 'ਤੇ ਕਾਬਜ਼ ਕਾਂਗਰਸ ਸਰਕਾਰ ਅੰਦਰ ਵੀ ਆਗੂਆਂ ਨੂੰ ਹੁਣ ਸਮੇਂ ਦੀ ਘਾਟ ਸਤਾਉਣ ਲੱਗ ਪਈ ਹੈ। ਇਹੀ ਕਾਰਨ ਹੈ ਕਿ ਉਹ ਹੁਣ ਅਪਣੀ ਗੱਲ ਪਾਰਟੀ ਪੱਧਰ 'ਤੇ ਰੱਖਣ ਦੀ ਬਜਾਏ ਮੀਡੀਆ ਸਾਹਮਣੇ ਜਾਂ ਚਿੱਠੀ ਜ਼ਰੀਏ ਕਹਿਣ ਲਈ ਕਾਹਲ ਵੀ ਵਿਖਾਉਣ ਲੱਗ ਪਏ ਹਨ।

ਇੰਨਾ ਹੀ ਨਹੀਂ, ਹੁਣ ਤਾਂ ਉਹ ਮੁੱਖ ਮੰਤਰੀ ਸਾਹਮਣੇ ਵੀ ਮੂੰਹ-ਜ਼ੋਰ ਹੋਣ ਤੋਂ ਗੁਰੇਜ਼ ਨਹੀਂ ਕਰ ਰਹੇ। ਅਜਿਹੀ ਹੀ ਸਥਿਤੀ ਵੀਰਵਾਰ ਨੂੰ ਉਸ ਸਮੇਂ ਪੈਦਾ ਹੋ ਗਈ ਜਦੋਂ ਮੁੱਖ ਮੰਤਰੀ ਨੇ ਪਾਰਟੀ ਵਿਧਾਇਕਾਂ ਨੂੰ ਅਪਣੀ ਗੱਲ ਪਾਰਟੀ ਪੱਧਰ 'ਤੇ ਹੀ ਰੱਖਣ ਦੀ ਨਸੀਹਤ ਦਿਤੀ। ਇਸ 'ਤੇ ਵਿਧਾਇਕਾਂ ਨੇ ਜਵਾਬ ਦਿਤਾ, 'ਤੁਸੀਂ ਮਿਲਦੇ ਹੀ ਨਹੀਂ। ਇਸ ਜਵਾਬ ਤੋਂ ਬਾਅਦ ਕੈਪਟਨ ਲਈ ਇਕ ਵਾਰ ਤਾਂ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ।

ਕਾਬਲੇਗੌਰ ਹੈ ਕਿ ਵਿਰੋਧੀ ਧਿਰ ਵਲੋਂ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਗੁਆਇਆ ਜਾ ਰਿਹਾ। ਇੱਥੋਂ ਤਕ ਕਿ ਕਿਸੇ ਸਮੇਂ ਮਹਿੰਗੀ ਬਿਜਲੀ ਲਈ ਅਪਣੇ ਕੀਤੇ ਫ਼ੈਸਲਿਆਂ ਕਾਰਨ ਘਿਰਦਾ ਜਾਪਦਾ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਇਸ ਮੁੱਦੇ ਨੂੰ ਸਰਕਾਰ ਖਿਲਾਫ਼ ਭੁਨਾਉਣ 'ਚ ਰੁਝਿਆ ਹੋਇਆ ਹੈ। ਵਿਰੋਧੀ ਧਿਰ ਦੀ ਲਾਮਬੰਦੀ ਦਾ ਤੋੜ ਲੱਭਣ ਖਾਤਰ ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕ ਦਲ ਅਤੇ ਮੰਤਰੀਆਂ ਦੀ ਮੀਟਿੰਗ ਬੁਲਾਈ ਗਈ ਸੀ। ਇਸ ਦੌਰਾਨ ਹੀ ਕੈਪਟਨ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਹਰ ਤਰ੍ਹਾਂ ਦੇ ਮਸਲੇ ਪਾਰਟੀ ਪਲੇਟਫਾਰਮ ਪੱਧਰ 'ਤੇ ਉਠਾÀਣ ਦੀ ਨਸੀਹਤ ਦਿਤੀ ਜਿਸ ਦੇ ਜਵਾਬ ਵਿਚ ਵਿਧਾਇਕਾਂ ਨੇ ਉਪਰੋਕਤ ਟਿੱਪਣੀ ਕੀਤੀ।

ਮੀਟਿੰਗ ਦੌਰਾਨ ਵਿਧਾਇਕਾਂ ਨੇ ਅਪਣੇ ਕੰਮ ਨਾ ਕੀਤੇ ਜਾਣ ਸਬੰਧੀ ਮੰਤਰੀਆਂ ਦੀ ਸ਼ਿਕਾਇਤ ਵੀ ਕੀਤੀ। ਮੰਤਰੀਆਂ ਨੇ ਵੀ ਜਵਾਬੀ ਹਮਲੇ ਕੀਤੇ। ਜਿਨ੍ਹਾਂ ਦੀ ਲਪੇਟ ਵਿਚ ਮੁੱਖ ਮੰਤਰੀ ਵੀ ਆਉਂਦੇ ਦਿਸੇ। ਵਿਧਾਇਕਾਂ ਦੇ 'ਤੁਸੀਂ ਮਿਲਦੇ ਹੀ ਨਹੀਂ' ਵਾਲੇ ਜਵਾਬ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਵਿਧਾਇਕ ਅਪਣੇ ਹਲਕੇ ਦਾ ਕੰਮ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਬਾਕਾਇਦਾ ਸਮਾਂ ਮਿਲਦਾ ਹੈ, ਪਰ ਤੁਸੀਂ ਅਪਣੇ ਨਿੱਜੀ ਕੰਮ ਜ਼ਿਆਦਾ ਲੈ ਕੇ ਆਉਂਦੇ ਹੋ।

ਮੀਟਿੰਗ ਦੌਰਾਨ ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਦਾ ਮੁੱਦਾ ਵੀ ਵਿਚਾਰਿਆ ਗਿਆ। ਇਸ ਤੋਂ ਬਾਅਦ ਵਿਧਾਇਕਾਂ ਨੇ ਉਨ੍ਹਾਂ ਨੂੰ ਪ੍ਰਤੀ ਵਿਧਾਨ ਸਭਾ ਹਲਕਾ 25-25 ਲੱਖ ਰੁਪਏ ਦਿਤੇ ਜਾਣ ਦੀ ਮੰਗ ਰੱਖੀ। ਵਿਧਾਇਕਾਂ ਨੇ ਵਿਧਾਨ ਸਭਾ ਚੋਣਾਂ ਅੱਗੇ ਥੋੜ੍ਹਾ ਸਮਾਂ ਰਹਿ ਜਾਣ 'ਤੇ ਚਿੰਤਾ ਜਾਹਰ ਕਰਦਿਆਂ ਕੰਮ ਕਰਨ ਦੇ ਨਿਯਮ ਛੇਤੀ ਤੋਂ ਛੇਤੀ ਤੈਅ ਕਰਨ ਦੀ ਮੰਗ ਵੀ ਕੀਤੀ ਤਾਂ ਜੋ ਰਹਿੰਦੇ ਕੰਮਾਂ ਨੂੰ ਸਮਾਂ ਰਹਿੰਦੇ ਨੇਪਰੇ ਚਾੜ੍ਹਿਆ ਜਾ ਸਕੇ।