ਐਫ਼.ਸੀ.ਆਈ. ਭ੍ਰਿਸ਼ਟਾਚਾਰ ਮਾਮਲੇ ਵਿੱਚ ਸੀ.ਬੀ.ਆਈ. ਨੇ ਪੰਜਾਬ ਵਿੱਚ 30 ਥਾਵਾਂ ’ਤੇ ਮਾਰੇ ਛਾਪੇ
ਛਾਪੇਮਾਰੀ ਵਾਲੀਆਂ ਥਾਵਾਂ 'ਚ ਸਰਹਿੰਦ, ਫ਼ਤਿਹਗੜ੍ਹ ਸਾਹਿਬ ਅਤੇ ਮੋਗਾ ਸਮੇਤ ਪੰਜਾਬ ਦੇ ਕਈ ਹੋਰ ਜ਼ਿਲ੍ਹੇ ਸ਼ਾਮਲ
ਨਵੀਂ ਦਿੱਲੀ - ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵਪਾਰੀਆਂ ਅਤੇ ਚੌਲ਼ ਮਿੱਲ ਮਾਲਕਾਂ ਨੂੰ ਲਾਭ ਪਹੁੰਚਾਉਣ ਲਈ ਘਟੀਆ ਅਨਾਜ ਦੀ ਖਰੀਦ ਕਰਨ ਵਾਲੇ ਭਾਰਤੀ ਖੁਰਾਕ ਨਿਗਮ (ਐਫ਼.ਸੀ.ਆਈ.) ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਸੰਬੰਧ ਵਿੱਚ ਮੰਗਲਵਾਰ ਨੂੰ ਪੰਜਾਬ 'ਚ 30 ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਦੀਆਂ ਟੀਮਾਂ ਨੇ 'ਆਪਰੇਸ਼ਨ ਕਨਕ 2' ਤਹਿਤ ਸਰਹਿੰਦ, ਫ਼ਤਿਹਗੜ੍ਹ ਸਾਹਿਬ ਅਤੇ ਮੋਗਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਨਾਜ ਵਪਾਰੀਆਂ, ਚੌਲ਼ ਮਿੱਲ ਮਾਲਕਾਂ ਅਤੇ ਐਫ਼.ਸੀ.ਆਈ. ਦੇ ਸੇਵਾ ਅਧੀਨ ਅਤੇ ਸੇਵਾਮੁਕਤ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ।
ਐਫ਼.ਸੀ.ਆਈ. ਵਿੱਚ ਅਧਿਕਾਰੀਆਂ ਦੇ ਇੱਕ ਸੰਗਠਿਤ ਸਮੂਹ ਨਾਲ ਸੰਬੰਧਿਤ ਐਫ਼.ਆਈ.ਆਰ. ਦੇ ਸਿਲਸਿਲੇ ਵਿੱਚ ਇਹ ਦੂਜੀ ਵਾਰ ਛਾਪੇ ਮਾਰੇ ਗਏ ਹਨ। ਦੋਸ਼ ਹੈ ਕਿ ਇਸ ਸਮੂਹ ਨੇ ਨਿੱਜੀ ਮਿੱਲ ਮਾਲਕਾਂ ਵੱਲੋਂ ਸਪਲਾਈ ਕੀਤੇ ਜਾਂਦੇ ਘਟੀਆ ਅਨਾਜ ਅਤੇ ਹੋਰ ਫ਼ਾਇਦਿਆਂ 'ਤੇ ਪਰਦੇ ਪਾਉਂਦੇ ਹੋਏ ਪ੍ਰਤੀ ਫ਼ਸਲ ਸੀਜ਼ਨ ਐਫ਼.ਸੀ.ਆਈ. ਦੇ ਗੋਦਾਮਾਂ 'ਚ ਉਤਾਰੇ ਗਏ ਪ੍ਰਤੀ ਟਰੱਕ 'ਤੇ 1000 ਤੋਂ 4000 ਤੱਕ ਰਿਸ਼ਵਤ ਲਈ। ਬਾਅਦ ਵਿੱਚ ਰਿਸ਼ਵਤ ਦੀ ਰਕਮ ਹੇਠਲੇ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਦੇ ਅਧਿਕਾਰੀਆਂ ਵਿੱਚ ਵੰਡੀ ਗਈ।
ਐਫ਼.ਆਈ.ਆਰ. ਵਿੱਚ ਪੰਜਾਬ ਦੇ ਕਈ ਐਫ਼.ਸੀ.ਆਈ. ਡਿਪੂਆਂ ਵਿੱਚ ਅਜਿਹੀ ਰਿਸ਼ਵਤ ਦੀ ਵਸੂਲੀ ਦਾ ਵੇਰਵਾ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਥਿਤ ਤੌਰ 'ਤੇ ਨਿੱਜੀ ਮਿੱਲ ਮਾਲਕਾਂ ਤੋਂ ਰਿਸ਼ਵਤ ਲੈਣ ਵਾਲੇ ਸਮੂਹ ਵਿੱਚ ਤਕਨੀਕੀ ਸਹਾਇਕਾਂ ਤੋਂ ਲੈ ਕੇ ਕਾਰਜਕਾਰੀ ਡਾਇਰੈਕਟਰਾਂ ਤੱਕ ਦੇ ਅਧਿਕਾਰੀ ਸ਼ਾਮਲ ਸਨ।