ਬੋਗਤੂਈ ਕਤਲੇਆਮ ਦੇ ਮੁੱਖ ਦੋਸ਼ੀ ਦੀ ਪਤਨੀ ਨੇ ਸੀ.ਬੀ.ਆਈ. ਖ਼ਿਲਾਫ਼ ਦਰਜ ਕਰਵਾਇਆ 'ਚੋਰੀ' ਦਾ ਮਾਮਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਸੀ.ਬੀ.ਆਈ. ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ 'ਕੀਮਤੀ ਸਾਮਾਨ' ਗਾਇਬ ਹੋ ਗਿਆ

Image

 

ਕੋਲਕਾਤਾ - ਪੱਛਮੀ ਬੰਗਾਲ ਦੇ ਬੋਗਤੂਈ ਕਤਲੇਆਮ ਦੇ ਮੁੱਖ ਦੋਸ਼ੀ ਲਲਨ ਸ਼ੇਖ ਦੀ ਪਤਨੀ ਰੇਸ਼ਮਾ ਬੀਬੀ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) 'ਤੇ ਚੋਰੀ ਦਾ ਦੋਸ਼ ਲਾਉਂਦਿਆਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਏਜੈਂਸੀ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਸ਼ੇਖ ਦੀ ਸੀ.ਬੀ.ਆਈ. ਹਿਰਾਸਤ ਵਿੱਚ ਮੌਤ ਹੋ ਗਈ ਸੀ।

ਰੇਸ਼ਮਾ ਨੇ ਐਤਵਾਰ ਨੂੰ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਸ਼ੇਖ ਦੇ ਨਾਲ ਉਨ੍ਹਾਂ ਦੇ ਘਰ ਵਿਖੇ ਸੀ.ਬੀ.ਆਈ. ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ 'ਕੀਮਤੀ ਸਾਮਾਨ' ਗਾਇਬ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਘਰ ਨੂੰ ਸੀਲ ਕਰ ਦਿੱਤਾ ਗਿਆ।

ਸ਼ੇਖ ਦੀ ਮੌਤ ਦੀ ਜਾਂਚ ਕਰ ਰਹੀ ਰਾਜ ਸੀ.ਆਈ.ਡੀ. ਦੇ ਇੱਕ ਅਧਿਕਾਰੀ ਨੇ ਕਿਹਾ, "ਕਿਉਂਕਿ ਸੀ.ਬੀ.ਆਈ. ਨੇ ਘਰ ਨੂੰ ਤਾਲਾ ਲਗਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਚੀਜ਼ਾਂ ਗਾਇਬ ਹੋ ਗਈਆਂ, ਇਸ ਕਰਕੇ ਰੇਸ਼ਮਾ ਬੀਬੀ ਸੀ.ਬੀ.ਆਈ. 'ਤੇ ਦੋਸ਼ ਲਗਾ ਰਹੀ ਹੈ।"

ਜ਼ਿਕਰਯੋਗ ਹੈ ਕਿ 13 ਦਸੰਬਰ ਨੂੰ ਪੁਲਿਸ ਕੋਲ ਦਰਜ ਕਰਵਾਈ ਗਈ ਪਹਿਲੀ ਸ਼ਿਕਾਇਤ ਦੇ ਇੱਕ ਹਫ਼ਤੇ ਅੰਦਰ ਰੇਸ਼ਮਾ ਦੀ ਇਹ ਦੂਜੀ ਸ਼ਿਕਾਇਤ ਹੈ। ਪਹਿਲੀ ਸ਼ਿਕਾਇਤ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਸੀ.ਬੀ.ਆਈ. ਅਧਿਕਾਰੀਆਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਜਾਂਚ ਦੌਰਾਨ ਬੋਗਤੂਈ ਪਿੰਡ ਦੇ ਦੌਰੇ ਦੌਰਾਨ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਉਸ ਨੇ ਆਪਣੇ ਪਤੀ ਦੀ ਮੌਤ ਲਈ ਸੀ.ਬੀ.ਆਈ. ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਸ਼ੇਖ 12 ਦਸੰਬਰ ਨੂੰ ਰਾਮਪੁਰਹਾਟ ਵਿੱਚ ਸਥਿਤ ਅਸਥਾਈ ਸੀ.ਬੀ.ਆਈ. ਦਫ਼ਤਰ ਦੇ ਪਖਾਨੇ ਵਿੱਚ ਮ੍ਰਿਤਕ ਪਾਇਆ ਗਿਆ ਸੀ।

ਅਧਿਕਾਰੀ ਨੇ ਦੱਸਿਆ ਕਿ ਰੇਸ਼ਮਾ ਬੀਬੀ ਵੱਲੋਂ ਦਰਜ ਕਰਵਾਈ ਗਈ ਇੱਕ ਹੋਰ ਐਫ.ਆਈ.ਆਰ. ’ਤੇ ਕਾਰਵਾਈ ਕਰਦਿਆਂ ਸੀ.ਆਈ.ਡੀ. ਨੇ ਸੀ.ਬੀ.ਆਈ. ਤੋਂ ਸ਼ੇਖ ਦੀ ਹਿਰਾਸਤ ਵਿੱਚ ਮੌਤ ਬਾਰੇ ਵਿਸਥਾਰਤ ਰਿਪੋਰਟ ਮੰਗੀ ਹੈ।

ਉਨ੍ਹਾਂ ਅੱਗੇ ਕਿਹਾ, "ਅਸੀਂ ਸੀ.ਬੀ.ਆਈ. ਤੋਂ ਸ਼ੇਖ ਦੀ ਹਿਰਾਸਤ 'ਚ ਹੋਈ ਮੌਤ ਬਾਰੇ ਰਿਪੋਰਟ ਮੰਗੀ ਹੈ। ਅਸੀਂ ਵੀਡੀਓ ਫੁਟੇਜ ਵੀ ਮੰਗੀ ਹੈ।"

ਸੀ.ਆਈ.ਡੀ. ਨੇ ਸੀ.ਬੀ.ਆਈ. ਨੂੰ ਉਸ ਦਿਨ ਦੀ ਅਧਿਕਾਰੀਆਂ ਦੀ ਗਿਣਤੀ ਅਤੇ ਘਟਨਾਵਾਂ ਦੇ ਕ੍ਰਮ ਬਾਰੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ, ਜਿਸ ਦਿਨ ਸ਼ੇਖ ਨੂੰ ਸੀ.ਬੀ.ਆਈ. ਦੇ ਅਸਥਾਈ ਦਫ਼ਤਰ ਵਿੱਚ ਫ਼ੰਦੇ ਨਾਲ ਲਟਕਦਾ ਪਾਇਆ ਗਿਆ ਸੀ।

ਸੀ.ਆਈ.ਡੀ. ਨੇ ਦੋ ਵਾਰ ਗੈਸਟ ਹਾਊਸ ਦਾ ਦੌਰਾ ਕਰਕੇ ਉਥੋਂ ਸਬੂਤ ਇਕੱਠੇ ਕੀਤੇ ਹਨ। ਅਧਿਕਾਰੀ ਨੇ ਕਿਹਾ ਕਿ ਸੀ.ਆਈ.ਡੀ. ਸੀ.ਬੀ.ਆਈ. ਦੀ ਰਿਪੋਰਟ ਨੂੰ ਆਪਣੇ ਨਤੀਜਿਆਂ ਦੇ ਨਾਲ ਮਿਲਾਵੇਗੀ।

ਸੀ.ਆਈ.ਡੀ. ਅਧਿਕਾਰੀਆਂ ਨੇ ਸ਼ੇਖ ਦੀ ਪਤਨੀ, ਬੇਟੀ ਅਤੇ ਹੋਰ ਲੋਕਾਂ ਨਾਲ ਗੱਲ ਕੀਤੀ ਜੋ ਉਸ ਦੇ ਬੋਗਤੂਈ ਨਿਵਾਸ 'ਤੇ ਮੌਜੂਦ ਸਨ, ਜਦੋਂ ਸੀ.ਬੀ.ਆਈ. ਅਧਿਕਾਰੀ 12 ਦਸੰਬਰ ਦੀ ਦੁਪਹਿਰ ਪਖਾਨੇ ਅੰਦਰ ਸ਼ੇਖ ਦੀ ਲਾਸ਼ ਮਿਲਣ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੂੰ ਉੱਥੋਂ ਲੈ ਗਏ ਸਨ। 

ਸੀ.ਬੀ.ਆਈ. ਨੇ ਦਾਅਵਾ ਕੀਤਾ ਸੀ ਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ 21 ਮਾਰਚ ਦੀ ਰਾਤ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਆਗੂ ਭਾਦੂ ਸ਼ੇਖ ਦੀ ਹੱਤਿਆ ਤੋਂ ਬਾਅਦ ਬੋਗਤੂਈ ਵਿੱਚ ਲਲਨ ਸ਼ੇਖ ਨੂੰ ਘਰਾਂ 'ਤੇ ਬੰਬ ਸੁੱਟਦੇ ਹੋਏ ਦੇਖਿਆ ਜਾ ਸਕਦਾ ਸੀ।

ਟੀ.ਐਮ.ਸੀ. ਨੇਤਾ ਭਾਦੂ ਸ਼ੇਖ ਦੇ ਕਤਲ ਤੋਂ ਬਾਅਦ ਵਾਪਰੀ ਘਟਨਾ ਵਿੱਚ 10 ਲੋਕ ਝੁਲਸ ਗਏ ਸਨ।

ਕੇਂਦਰੀ ਜਾਂਚ ਏਜੈਂਸੀ ਨੇ 25 ਮਾਰਚ ਨੂੰ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ 22 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਅਤੇ ਹਿੰਸਾ ਵਿੱਚ ਸ਼ਮੂਲੀਅਤ ਤਹਿਤ 15 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।