ਵਿਧਾਨ ਸਭਾ ਵਿਚ ਪੰਜਾਬ ਦੇ ਰਾਜਪਾਲ ਨੇ ਦੱਸਿਆ ‘ਮਾਨ ਸਰਕਾਰ’ ਦਾ ਰੋਡਮੈਪ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵਿਧਾਨ ਸਭਾ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਲਈ ਵਚਨਬੱਧ ਹੈ

Punjab Governor Banwarilal Purohit addresses first session of Punjab Vidhan Sabha

 

ਚੰਡੀਗੜ੍ਹ: ਵਿਧਾਨ ਸਭਾ ਇਜਲਾਸ ਦੀ ਕਾਰਵਾਈ ਦੇ ਦੂਜੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸੰਬੋਧਨ ਕੀਤਾ। ਇਸ ਵਿਚ ਉਹਨਾਂ ਨੇ ਭਗਵੰਤ ਮਾਨ ਸਰਕਾਰ ਦਾ ਰੋਡਮੈਪ ਦਿੱਤਾ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵਿਧਾਨ ਸਭਾ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਲਈ ਵਚਨਬੱਧ ਹੈ।  ਉਹਨਾਂ ਦੱਸਿਆ ਕਿ ਸੂਬੇ ਵਿਚ ਮੁਫਤ ਬਿਜਲੀ ਦੇਣ ਨਾਲ 80 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਜਾਣਗੇ।

Banwarilal Purohit

ਉਹਨਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਭੱਤਾ ਦਿੱਤਾ ਜਾਵੇਗਾ, ਜਦਕਿ ਸੀਨੀਅਰ ਸਿਟੀਜ਼ਨ ਔਰਤਾਂ ਨੂੰ 1000 ਰੁਪਏ ਬੁਢਾਪਾ ਪੈਨਸ਼ਨ ਤੋਂ ਇਲਾਵਾ ਦਿੱਤੇ ਜਾਣਗੇ। ਰਾਜਪਾਲ ਨੇ ਸੂਬੇ ਸਿਰ 3.5 ਲੱਖ ਕਰੋੜ ਦਾ ਕਰਜ਼ਾ ਹੋਣ 'ਤੇ ਚਿੰਤਾ ਪ੍ਰਗਟਾਈ। ਉਹਨਾਂ ਕਿਹਾ ਕਿ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ 10 ਤੋਂ 15 ਮੈਂਬਰਾਂ ਦਾ ਕਮਿਸ਼ਨ ਬਣਾਇਆ ਜਾਵੇਗਾ। ਜਲੰਧਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾਵੇਗਾ।

Punjab Vidhan Sabha Session

ਇਸ ਤੋਂ ਇਲਾਵਾ ਸੂਬੇ ਵਿਚ ਡੋਰ ਸਟੈਪ ਡਿਲੀਵਰੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਪ੍ਰਣਾਲੀ ਵਿਚ ਜਾਤੀ ਅਤੇ ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ, ਪਾਣੀ ਦਾ ਨਵਾਂ ਬਿਜਲੀ ਕੁਨੈਕਸ਼ਨ ਆਦਿ ਵਰਗੀਆਂ ਜ਼ਰੂਰੀ ਜਨਤਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਰਾਜਪਾਲ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਹੋਵੇ। ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਫ਼ਾਈ ਦਾ ਮੁੱਦਾ ਗੰਭੀਰ ਬਣਿਆ ਹੋਇਆ ਹੈ। ਸ਼ਹਿਰਾਂ ਦੀਆਂ ਮੌਜੂਦਾ ਸੜਕਾਂ ਦੀ ਹਾਲਤ ਖਸਤਾ ਹੈ।

Punjab Vidhan Sabha Session

ਰਾਜਪਾਲ ਨੇ ਕਿਹਾ ਕਿ ਸਰਕਾਰ 6 ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਪਰ ਬੇਕਸੂਰ ਲੋਕਾਂ ਵਿਰੁੱਧ ਪਹਿਲਾਂ ਹੋਈਆਂ ਸਾਰੀਆਂ ਝੂਠੀਆਂ ਐਫ.ਈ.ਆਰ ਖਤਮ ਕੀਤੀਆਂ ਜਾਣਗੀਆਂ। ਸੂਬੇ ਵਿਚ ਬਰਗਾੜੀ ਬੇਅਦਬੀ ਕਾਂਡ ਸਮੇਤ ਬੰਬ ​​ਧਮਾਕਿਆਂ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਉਹਨਾਂ ਦੇ ਮਾਸਟਰ ਮਾਈਂਡ ਸਮੇਤ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਨੇ ਪਿਛਲੀਆਂ ਸਰਕਾਰਾਂ 'ਤੇ ਵੀ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਸਰਕਾਰਾਂ ਖੁਦ ਨੂੰ ਮਾਲਕ ਸਮਝਣ ਲੱਗ ਪਈਆਂ ਸਨ। ਇਸ ਲਈ ਪੰਜਾਬ ਨੇ ਨਵੇਂ ਸਿਆਸੀ ਸੱਭਿਆਚਾਰ ’ਤੇ ਭਰੋਸਾ ਦਿਖਾਇਆ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਗੁੱਡ ਗਵਰਨੈਂਸ ਲਈ ਵੋਟ ਕੀਤਾ ਹੈ ਅਤੇ ਸਰਕਾਰ ਇਸ ਬਹੁਮਤ ਦਾ ਸਨਮਾਨ ਕਰੇਗੀ।