ਕੋਰੋਨਾ ਕਾਰਨ ਮੌਤਾਂ ਦੇ ਵਧੇ ਅੰਕੜੇ ਨੇ ਵਧਾਈ ਚਿੰਤਾ, ਸਸਕਾਰ ਲਈ ਇੰਤਜਾਰ ਕਰਨ ਦੀ ਆਈ ਨੌਬਤ

ਏਜੰਸੀ

ਖ਼ਬਰਾਂ, ਪੰਜਾਬ

ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ।

cremation

ਚੰਡੀਗੜ੍ਹ: ਕੋਰੋਨਾ ਕਾਰਨ ਮੌਤ ਦੇ ਵਧਦੇ ਅੰਕੜੇ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪੰਜਾਬ ਵਿਚ ਪਾਜ਼ੇਟਿਵ ਕੇਸਾਂ ਵਿਚ ਵਾਧੇ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਸ ਕਾਰਨ ਮ੍ਰਿਤਕਾਂ ਦੇ ਵਾਰਸਾਂ ਨੂੰ ਸਸਕਾਰ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਤੋਂ ਕੁਝ ਅਜਿਹੀਆਂ ਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਸਥਾਨਕ ਵਾਸੀਆਂ ਮੁਤਾਬਕ ਬਲੌਂਗੀ ਸ਼ਮਸ਼ਾਨ ਘਾਟ ਵਿੱਚ ਵੱਧ ਤੋਂ ਵੱਧ 8 ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ ਪਰ ਮੌਤਾਂ ਦੀ ਗਿਣਤੀ ਵਧਣ ਕਾਰਨ ਕਈ ਮ੍ਰਿਤਕਾਂ ਦਾ ਸਸਕਾਰ ਅਗਲੇ ਦਿਨ ਕੀਤਾ ਜਾ ਰਿਹਾ ਹੈ। ਮੰਗਲਵਾਰ ਦੁਪਹਿਰ 3 ਵਜੇ ਕੋਰੋਨਾਵਾਇਰਸ ਨਾਲ ਮਰਨ ਵਾਲੀ ਇਕ ਔਰਤ ਦੀ ਲਾਸ਼ ਨੂੰ ਸਸਕਾਰ ਲਈ ਲਿਆਂਦਾ ਗਿਆl

ਔਰਤ ਦੇ ਰਿਸ਼ਤੇਦਾਰਾਂ ਮੁਤਾਬਕ ਉਸ ਦੀ ਮੌਤ ਸੋਮਵਾਰ ਨੂੰ ਇਕ ਪ੍ਰਾਈਵੇਟ ਹਸਪਤਾਲ ਵਿੱਚ ਹੋਈ ਸੀl ਸ਼ਮਸ਼ਾਨ ਘਾਟ 'ਚ ਸਸਕਾਰ ਲਈ ਜਗ੍ਹਾ ਹੋਣ ਕਾਰਨ ਪਰਿਵਾਰ ਨੂੰ ਮੰਗਲਵਾਰ ਤਿੰਨ ਵਜੇ ਦਾ ਟਾਈਮ ਦਿੱਤਾ ਗਿਆl ਇਸੇ ਤਰ੍ਹਾਂ ਹਿਮਾਚਲ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਮੌਤ ਕੋਰੋਨਾ ਕਾਰਨ ਮੰਗਲਵਾਰ ਸਵੇਰ ਛੇ ਵਜੇ ਹੋਈ ਸੀl

ਮ੍ਰਿਤਕ ਦੇ ਭਰਾ ਮੁਤਾਬਕ ਉਨ੍ਹਾਂ ਨੇ ਬਲੌਂਗੀ ਸ਼ਮਸ਼ਾਨ ਘਾਟ ਸਸਕਾਰ ਵਾਸਤੇ ਪਤਾ ਕੀਤਾ ਤਾਂ ਉਥੇ ਉਨ੍ਹਾਂ ਨੂੰ ਬੁਧਵਾਰ ਸਵੇਰ 9 ਵਜੇ ਦਾ ਟਾਈਮ ਦਿੱਤਾ ਗਿਆ। ਇਸ ਕਰਕੇ ਉਹ ਲਾਸ਼ ਨੂੰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਸਸਕਾਰ ਵਾਸਤੇ ਲੈ ਗਏl ਲੋਕਾਂ ਨੇ ਪ੍ਰਸ਼ਾਸਨ ਨੂੰ ਸਸਕਾਰ ਵਿਚ ਆ ਰਹੀਆਂ ਦਿੱਕਤਾਂ ਦਾ ਹੱਲ ਕਰਨ ਦੀ ਮੰਗ ਕੀਤੀ ਤਾਂ ਜੋ ਪਹਿਲਾਂ ਹੀ ਸਦਮੇ ਵਿਚ ਗੁਜਰ ਰਹੇ ਵਾਰਸਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।