ਤਾਜ਼ਾ ਪਾਬੰਦੀਆਂ ਤੋਂ ਕਾਰੋਬਾਰੀ ਡਾਢੇ ਪ੍ਰੇਸ਼ਾਨ, ਸਮਾਂ ਵਧਣ ਦੀ ਸੂਰਤ ‘ਚ ਕੰਮ-ਧੰਦੇ ਡੁੱਬਣ ਦਾ ਖਦਸ਼ਾ

ਏਜੰਸੀ

ਖ਼ਬਰਾਂ, ਪੰਜਾਬ

ਢਾਬਾ ਅਤੇ ਰੈਸਟੋਰੈਂਟ ਮਾਲਕਾਂ ਨੇ 50 ਫੀਸਦ ਸਮਰੱਥ ਨਾਲ ਕਾਰੋਬਾਰ ਚਲਾਉਣ ਦੀ ਇਜ਼ਾਜਤ ਮੰਗੀ

Dhaba

ਚੰਡੀਗੜ੍ਹ: ਪਿਛਲੇ ਸਾਲ ਕਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਪਏ ਵੱਡੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਕਾਰੋਬਾਰੀਆਂ ਨੂੰ ਇਕ ਵਾਰ ਫਿਰ ਵੱਡੀ ਮਾਰ ਪੈਣ ਲੱਗੀ ਹੈ। ਪੰਜਾਬ ਸਰਕਾਰ ਵੱਲੋਂ ਲਾਈਆਂ ਗਈਆਂ ਤਾਜ਼ਾ ਪਾਬੰਦੀਆਂ ਨੇ ਕਾਰੋਬਾਰੀਆਂ ਦੀ ਰਾਤ ਦੀ ਨੀਂਦ ਹਰਾਮ ਕਰ ਦਿੱਤੀ ਹੈ। ਉਨ੍ਹਾਂ ਨੂੰ ਹੁਣ ਵਿੱਤੀ ਘਾਟੇ ਸਮੇਤ ਹੋਰ ਸਮੱਸਿਆਵਾਂ ਦਾ ਡਰ ਸਤਾਉਣ ਲੱਗਾ ਹੈ। ਇਨ੍ਹਾਂ ਪਾਬੰਦੀਆਂ ਤੋਂ ਰੈਸਟੋਰੈਂਟ, ਢਾਬਾ ਮਾਲਕ ਕਾਫ਼ੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।

ਰੈਸਟੋਰੈਂਟ ਮਾਲਕਾਂ ਮੁਤਾਬਕ ਸਰਕਾਰ ਨੂੰ ਆਪਣੇ ਫੈਸਲਿਆਂ ’ਚ ਥੋੜ੍ਹੀ ਜਿਹੀ ਢਿੱਲ ਦਿੰਦਿਆਂ 50 ਫ਼ੀਸਦ ਸਮਰੱਥਾ ਨਾਲ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਜੀਵਤ ਰੱਖ ਸਕਣ। ਢਾਬਾ ਅਤੇ ਰੈਸਟੋਰੈਂਟ ਮਾਲਕਾਂ ਮੁਤਾਬਕ ਨਵੀਆਂ ਸਖ਼ਤੀਆਂ ਨੇ ਉਨ੍ਹਾਂ ਦੇ ਕਾਰੋਬਾਰ ਨੂੰ 80 ਫ਼ੀਸਦ ਘਟਾ ਦਿੱਤਾ ਹੈ।

ਪਹਿਲਾਂ ਰੈਸਟੋਰੈਂਟ ਵਿਚ ਲੋਕ ਬੈਠ ਕੇ ਖਾਣਾ ਖਾਣ ਲਈ ਆ ਜਾਂਦੇ ਹਨ ਪਰ ਹੁਣ ਨਾ ਤਾਂ ਲੋਕ ਟੇਕਅਵੇ ਲਈ ਪਹੁੰਚ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਹੋਮ ਡਿਲੀਵਰੀ ਲਈ ਕੋਈ ਫੋਨ ਕਾਲ ਆ ਰਹੀਆਂ ਹਨ। ਇਸ ਦਾ ਸਿੱਧਾ ਅਸਰ ਰੋਜ਼ਾਨਾਂ ਦੀ ਆਮਦਨ 'ਤੇ ਪੈ ਰਿਹਾ ਹੈ। ਜੇਕਰ ਅਜਿਹੇ ਹਾਲਾਤ ਲਗਾਤਾਰ ਚੱਲੇ ਤਾਂ ਰੈਸਟੋਰੈਂਟ ’ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੂੰ ਮਜ਼ਬੂਰਨ ਕੰਮ ਛੱਡ ਕੇ ਵਾਪਸ ਆਪੋ-ਆਪਣੇ ਸੂਬਿਆਂ ਵੱਲ ਜਾਣਾ ਪਵੇਗਾ।

ਪੰਜਾਬ ਵਿਚ ਕਰੋਨਾ ਦਾ ਪ੍ਰਸਾਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਕੈਪਟਨ ਸਰਕਾਰ ਨੇ ਸੂਬੇ ਵਿਚ ਹੋਰ ਸਖ਼ਤੀਆਂ ਲਾਈਆਂ ਸਨ, ਜਿਸ ਤਹਿਤ 30 ਅਪ੍ਰੈਲ ਤੱਕ ਰੈਸਟੋਰੈਂਟ ਅਤੇ ਢਾਬਾ ਮਾਲਕ ਸਿਰਫ਼ ਟੇਕਅਵੇ ਜਾਂ ਹੋਮ ਡਿਲੀਵਰੀ ਹੀ ਕਰਨ। ਜਦਕਿ ਐਤਵਾਰ ਨੂੰ ਰੈਸਟੋਰੈਂਟ ਮੁਕੰਮਲ ਤੌਰ ’ਤੇ ਬੰਦ ਰਹਿਣਗੇ। ਨਾਈਟ ਫਰਫਿਊ ਦੌਰਾਨ ਵੀ ਸਾਰੇ ਬਾਜ਼ਾਰ ਬੰਦ ਰੱਖੇ ਜਾਣ ਦੇ ਹੁਕਮ ਹਨ। ਤਾਜ਼ਾ ਪਾਬੰਦੀਆਂ ਬਾਅਦ ਕਾਰੋਬਾਰੀਆਂ ਨੂੰ ਆਪਣੇ ਕੰਮ-ਧੰਦਿਆਂ ਦੇ ਮੁੜ ਮੰਦੇ ਵਿਚ ਜਾਣ ਦਾ ਡਰ ਸਤਾਉਣ ਲੱਗਾ ਹੈ।