ਬਾਦਲਾਂ ਨੇ ਕਿਸਾਨ ਵਿਰੋਧੀ ਫ਼ੈਸਲਿਆਂ ਦੇ ਹੱਕ 'ਚ ਸਟੈਂਡ ਕੁਰਸੀ ਬਚਾਉਣ ਖਾਤਰ ਲਿਆ : ਪਰਮਿੰਦਰ ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਦੀ ਕਾਰਪੋਰੇਟ ਘਰਾਨਿਆਂ ਪੱਖੀ ਸੋਚ ਜੱਗ ਜਾਹਰ ਹੋਈ

Parminder Dhindsa

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੀ ਕਮਜ਼ੋਰ ਲੀਡਰਸ਼ਿਪ ਨੇ ਪਾਰਟੀ ਸਿਧਾਂਤਾਂ ਨੂੰ ਤਿਲਾਂਜਲੀ ਦਿੰਦਿਆਂ ਰੇਤ ਮਾਫੀਆ, ਭੂਮੀ ਮਾਫ਼ੀਆ, ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ਨੂੰ ਹਵਾ ਦੇਣੀ ਸ਼ੁਰੂ ਕਰ ਦਿਤੀ ਸੀ ਜਿਸ ਦਾ ਖਮਿਆਜ਼ਾ ਪਾਰਟੀ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਹਾਰ ਦੇ ਰੂਪ ਵਿਚ ਭੁਗਤਣਾ ਪਿਆ। ਇਹ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇ ਪ੍ਰਿਤਪਾਲ ਸਿੰਘ ਹਾਂਡਾ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਅਕਾਲੀ ਵਿਚਾਰਧਾਰਾ ਦੀ ਕਦਰ ਕਰਦੇ ਹਨ। ਲੋਕ ਅੱਜ ਵੀ ਇਸ ਵਿਚਾਰਧਾਰਾ ਨੂੰ ਉਨਾ ਹੀ ਮਾਣ ਸਤਿਕਾਰ ਦਿੰਦੇ ਨ, ਜਿੰਨਾ ਪਹਿਲਾਂ ਦਿੰਦੇ ਸਨ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਪੰਜਾਬ ਦਾ ਭਲਾ ਅਕਾਲੀ ਵਿਚਾਰਧਾਰਾ ਸਦਕਾ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਤੋਂ ਲੋਕ ਪਹਿਲਾਂ ਹੀ ਬੜੇ ਔਖੇ ਸਨ, ਪਰ ਹੁਣ ਜਿਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਮੁੱਦੇ 'ਤੇ ਪਾਰਟੀ ਪ੍ਰਧਾਨ ਦੇ ਸਟੈਂਡ ਨੇ ਉਨ੍ਹਾਂ ਦੀ ਕਾਰਪੋਰੇਟ ਘਰਾਣਿਆਂ ਪੱਖੀ ਸੋਚ ਨੂੰ ਉਜਾਗਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਇਹ ਸਟੈਂਡ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਖਾਤਰ ਲਿਆ ਹੈ।

ਕਰੋਨਾ ਕਾਲ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਰੋਨਾ ਨਾਲ ਨਿਪਟਣ ਲਈ ਚੁਕੇ ਗਏ ਕਦਮਾਂ ਦੀ ਨਿੰੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਮੁਸ਼ਕਲਾਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਸਮਾਂ ਮਿਲਣ ਦੇ ਬਾਵਜੂਦ ਹਸਪਤਾਲਾਂ ਅੰਦਰ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਸਾਹਮਣੇ ਆ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਜਥੇਬੰਦੀ ਡੇਢ ਦੋ ਮਹੀਨੇ ਤਕ ਹੋਂਦ ਵਿਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਨਵੇਂ ਹੋਂਦ 'ਚ ਆਉਣ ਵਾਲੇ ਅਕਾਲੀ ਦਲ ਦਾ ਚਿਹਰਾ ਮੋਹਰਾ ਪੰਥਕ ਹੋਵੇਗਾ। ਪੰਜਾਬ ਅੰਦਰ ਤੀਸਰੇ ਫ਼ਰੰਟ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੋਵਾਂ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਡਾਢੇ ਪ੍ਰੇਸ਼ਾਨ ਹਨ, ਜਿਸ ਕਾਰਨ ਪੰਜਾਬ ਅੰਦਰ ਤੀਸਰੇ ਫ਼ਰੰਟ ਦੀ ਕਾਇਮੀ ਹੋਣ ਦੇ ਅਸਾਰ ਹਨ।

ਇਹੀ ਕਾਰਨ ਹੈ ਕਿ ਤੀਜੇ ਫ਼ਰੰਟ ਦੀ ਕਾਇਮੀ ਤੋਂ ਡਰੇ ਕੈਪਟਨ ਅਤੇ ਸੁਖਬੀਰ ਹੁਣ ਨਵੇਂ ਫ਼ਰੰਟ ਦੀਆਂ ਸਰਗਰਮੀਆਂ ਨੂੰ ਰੋਕਣ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਭਲੇ ਲਈ ਸੁਖਦੇਵ ਸਿੰਘ ਢੀਂਡਸਾ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਅੱਗੇ ਆਉਣ। ਇਸ ਦੌਰਾਨ ਅਕਾਲੀ ਆਗੂ ਜਥੇ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਡੀ ਗਿਣਤੀ ਅਕਾਲੀ ਵਰਕਰ ਸੁਖਦੇਵ ਸਿੰਘ ਢੀਂਡਸਾ ਦੀ ਮੁਹਿੰਮ ਦੀ ਬਿਹਤਰੀ ਲਈ ਸਰਗਰਮ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।