ਡਰੱਗ ਪ੍ਰਬੰਧਨ ਵਲੋਂ 17 ਮਹੀਨਿਆਂ ਵਿਚ 13500 ਛਾਪੇਮਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

4.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ, ਕਈ ਲਾਇਸੈਂਸ ਰੱਦ

Drug Administration conducts 13500 raids in 17 months

ਚੰਡੀਗੜ੍ਹ : ਫ਼ੂਡ ਅਤੇ ਡਰੱਗ ਕਮਿਸ਼ਨਰੇਟ ਦੇ ਡਰੱਗ ਪ੍ਰਬੰਧਨ ਵਿੰਗ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਕੇ.ਐਸ ਪੰਨੂ, ਸੀ.ਐਫ.ਡੀ.ਏ. ਨੇ ਦਸਿਆ ਕਿ  ਜਾਗਰੂਕਤਾ ਮੁਹਿੰਮਾਂ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਪਿਛੋਂ ਕਮਿਸ਼ਨਰੇਟ ਦੇ ਅਧਿਕਾਰੀਆਂ ਵਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਅਤੇ ਡਰੱਗ ਤੇ ਕਾਸਮੈਟਿਕ ਐਕਟ ਦੀ ਪਾਲਣਾ ਦੇ ਮਦੇਨਜ਼ਰ ਸੂਬੇ ਭਰ ਵਿਚ ਛਾਪੇਮਾਰੀਆਂ ਕੀਤੀਆਂ ਗਈਆਂ।

ਜਨਵਰੀ 2018 ਤੋਂ ਮਈ 2019 ਤਕ 17 ਮਹੀਨਿਆਂ ਦੌਰਾਨ 13500 ਛਾਪੇਮਾਰੀਆਂ ਕੀਤੀਆਂ ਗਈਆਂ ਅਤੇ ਨਸ਼ੀਲੀਆਂ ਦਵਾਈਆਂ ਦੇ 5313 ਨਮੂਨੇ ਲਏ ਗਏ। ਜ਼ਬਤ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਕੁੱਲ ਕੀਮਤ 4.5 ਕਰੋੜ ਰੁਪਏ ਹੈ। ਨਮੂਨਿਆਂ ਦੀ ਜਾਂਚ ਦੌਰਾਨ 11 ਨਮੂਨੇ ਮਿਸ-ਬ੍ਰਾਂਡਡ ਅਤੇ 203 ਨਮੂਨੇ ਘਟੀਆ ਦਰਜੇ ਦੇ ਪਾਏ ਗਏ। ਅਪਰਾਧਾਂ ਦੀ ਕਿਸਮ ਬਾਰੇ ਦਸਦਿਆਂ ਸੀ.ਐਫ.ਡੀ.ਏ. ਨੇ ਦਸਿਆ ਕਿ 1414 ਫ਼ਰਮਾਂ ਦੇ ਲਾਇਸੈਂਸ ਮੁਅੱਤਲ ਕਰ ਦਿਤੇ ਗਏ ਹਨ ਜਿਨ੍ਹਾਂ ਵਿਚੋਂ 1278 ਲਾਇਸੈਂਸ ਆਮ ਉਲੰਘਣਾਵਾਂ ਤਹਿਤ 136 ਲਾਇਸੈਂੰਸ ਆਦਤ ਪਾਉਣ ਵਾਲੀਆਂ ਦਵਾਈਆਂ ਵੇਚਣ ਕਰਕੇ ਮੁਅੱਤਲ ਕੀਤੇ ਗਏ।

171 ਮੁਕੱਦਮਾ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ ਅਤੇ 139 ਮਾਮਲੇ ਸ਼ੁਰੂ ਕੀਤੇ ਜਾ ਚੁੱਕੇ ਹਨ। ਹੁਣ ਤਕ 120 ਮਾਮਲਿਆਂ ਦਾ ਨਿਪਟਾਰਾ ਹੋ ਚੁੱਕਾ ਹੈ ਜਿਨ੍ਹਾਂ ਵਿਚੋਂ ਦੋਸ਼ੀ ਕਰਾਰ ਦਿਤੇ ਗਏ 77 ਵਿਅਕਤੀਆਂ ਨੂੰ 3-5 ਸਾਲ ਦੀ ਕੈਦ ਦੇ ਨਾਲ-ਨਾਲ ਜੁਰਮਾਨਾ ਕੀਤਾ ਗਿਆ ਹੈ ਅਤੇ 14 ਦੋਸ਼ੀਆਂ ਨੂੰ ਭਗੌੜੇ ਘੋਸ਼ਿਤ ਕੀਤਾ ਗਿਆ ਹੈ। ਸ੍ਰੀ ਪੰਨੂ ਨੇ ਕਿਹਾ ਕਿ ਐਫ.ਡੀ.ਏ ਨੇ ਲੋਕਾਂ ਨੂੰ ਕਾਲੀਆਂ ਭੇਡਾਂ ਸਬੰਧੀ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ 9815206006 ਅਤੇ ਈਮੇਲ ਆਈਡੀ punjabdrugscontrolorg0gmail.com ਸ਼ੁਰੂ ਕੀਤੇ ਗਏ ਸਨ ਜੋ ਕਿ ਕਾਫੀ ਮਦਦਗ਼ਾਰ ਸਾਬਤ ਹੋ ਰਹੇ ਹਨ।