ਲੰਗਾਹ ਤੇ ਚੱਢਾ ਦੇ ਮਾਮਲੇ 'ਚ 'ਜਥੇਦਾਰਾਂ' ਦੀ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਿਚ ਵਿਚਾਰ ਸੰਭਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸ਼ਲੀਲ ਵੀਡੀਉ ਸੋਸ਼ਲ ਮੀਡੀਏ ਤੇ ਵਾਇਰਲ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਸਜ਼ਾਯਾਫ਼ਤਾ ਦੋ ਸਿੱਖਾਂ ਵਲੋਂ ਪੰਥ ਵਿਚ ਮੁੜ ਸ਼ਮੂਲੀਅਤ ਲਈ ਦਿਤੀਆਂ ਗਈਆਂ...............

Sucha Singh Langah

ਅੰਮ੍ਰਿਤਸਰ : ਅਸ਼ਲੀਲ ਵੀਡੀਉ ਸੋਸ਼ਲ ਮੀਡੀਏ ਤੇ ਵਾਇਰਲ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਸਜ਼ਾਯਾਫ਼ਤਾ ਦੋ ਸਿੱਖਾਂ ਵਲੋਂ ਪੰਥ ਵਿਚ ਮੁੜ ਸ਼ਮੂਲੀਅਤ ਲਈ ਦਿਤੀਆਂ ਗਈਆਂ ਦਰਖ਼ਾਸਤਾਂ ਤੇ ਅਗਲੇ ਹਫ਼ਤੇ ਜਥੇਦਾਰ ਦੀ ਹੋਣ ਵਾਲੀ ਸੰਭਾਵੀ ਮੀਟਿੰਗ ਵਿੱਚ ਵਿਚਾਰ ਚਰਚਾ ਹੋ ਸਕਦੀ ਹੈ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਭੁੱਲਰ ਵਲੋਂ ਕੀਤੀ ਗਈ ਗ਼ਲਤ ਅਰਦਾਸ ਵੀ ਭੁੱਲਰ ਦੇ ਗਲੇ ਦੀ ਹੱਡੀ ਬਣ ਸਕਦੀ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਦੀ ਇਕ ਔਰਤ ਨਾਲ ਅਸ਼ਲੀਲ ਵੀਡੀਉ ਵਾਇਰਲ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ 'ਤੇ ਦੋ ਸਾਲਾਂ ਲਈ ਕਿਸੇ ਵੀ ਰਾਜਸੀ, ਸਮਾਜਕ ਤੇ ਧਾਰਮਕ ਮੰਚ ਤੇ ਵਿਚਰਨ ਦੀ ਰੋਕ ਲਗਾਈ ਸੀ ਤੇ ਦੋ ਸਾਲ ਬਾਅਦ ਉਨ੍ਹਾਂ ਦੇ ਅੱਛੇ ਚਾਲ ਚਲਣ ਉਪਰੰਤ ਹੀ ਉਨ੍ਹਾਂ ਵਿਰੁੱਧ ਆਈ ਸ਼ਕਾਇਤ ਤੇ ਫ਼ੈਸਲਾ ਕੀਤਾ ਜਾਵੇਗਾ ਪਰ ਸ. ਚੱਢਾ ਨੇ ਪਹਿਲਾਂ ਆਪ ਤੇ ਫਿਰ ਅਪਣੀ ਪਤਨੀ ਸ੍ਰੀਮਤੀ ਹਰਬੰਸ ਕੌਰ ਚੱਢਾ ਕੋਲੋਂ ਦਰਖ਼ਸਾਤ ਦਿਵਾਈ ਕਿ ਉਸ ਦਾ ਕੇਸ ਪੁਲਿਸ ਨੇ ਵਾਪਸ ਲੈ ਲਿਆ ਹੈ ਤੇ ਉਸ ਦੇ ਕੇਸ ਤੇ ਦੁਬਾਰਾ ਵਿਚਾਰ ਕੀਤੀ ਜਾਵੇ

ਜਿਸ ਉਪਰ ਅਗਲੇ ਹਫ਼ਤੇ 'ਜਥੇਦਾਰਾਂ' ਦੀ ਹੋਣ ਵਾਲੀ ਮੀਟਿੰਗ ਵਿਚ ਵਿਚਾਰ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾ ਬੀਤੇ ਸਾਲ ਗੁਰਦਾਸਪੁਰ ਲੋਕ ਸਭਾ ਹਲਕਾ ਦੀ ਹੋਈ ਉਪ ਚੋਣ ਤੋਂ ਕੁਝ ਦਿਨ ਪਹਿਲਾਂ ਹੀ ਅਕਾਲੀ ਆਗੂ ਤੇ ਕਰੀਬ 30 ਸਾਲ ਤੱਕ ਜਿਲ੍ਹਾ ਗੁਰਦਾਸਪੁਰ ਦੇ ਅਕਾਲੀ ਦਲ ਬਾਦਲ ਜਿਲ੍ਹਾ ਪ੍ਰਧਾਨ ਰਹੇ ਸ੍ਰੀ ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਦੀ ਇੱਕ ਅਸ਼ਲੀਲ ਵੀਡੀਉ ਸ਼ੋਸ਼ਲ ਮੀਡੀਏ ਤੋ ਵਾਇਰਲ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਹਨਾਂ ਨੂੰ ਤੁਰੰਤ ਅਕਾਲੀ ਦਲ ਵਿੱਚੋ ਖਾਰਜ ਕਰ ਦਿੱਤਾ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋ ਅਸਤੀਫਾ ਵੀ ਲੈ ਲਿਆ ਗਿਆ।

ਇਸੇ ਸਮੇਂ ਹੀ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਲੰਗਾਹ ਨੂੰ ਪੰਥ ਵਿੱਚੋ ਛੇਕਣ ਦੀ ਕਾਰਵਾਈ ਕਰ ਦਿੱਤੀ ਗਈ ਸੀ। ਸ੍ਰ ਲੰਗਾਹ ਨੂੰ ਕਰੀਬ ਛੇ ਮਹੀਨੇ ਜੇਲ੍ਹ ਵਿੱਚ ਰਹਿਣ ਉਪਰੰਤ ਅਦਲਾਤ ਨੇ ਉਸ ਵੇਲੇ ਜ਼ਮਾਨਤ ਦੇ ਦਿੱਤੀ ਜਦੋ 376 ਤੋ ਹੋਰ ਧਾਰਵਾਂ ਤਹਿਤ ਪਰਚਾ ਦਰਜ ਕਰਾਉਣ ਵਾਲੀ ਔਰਤ ਮੁੱਕਰ ਗਈ ਕਿ ਜਾਰੀ ਹੋਈ ਵੀਡੀਉ ਵਿੱਚ ਉਹ ਨਹੀ ਹੈ।

ਮੁੱਕਰਨ ਉਪਰੰਤ ਹੀ  ਅਦਾਲਤ ਨੇ ਵੀ ਲੰਗਾਹ ਨੂੰ ਬਰੀ ਕਰ ਦਿੱਤਾ ਸੀ। ਲੰਗਾਹ ਨੇ ਬਰੀ ਹੋਣ ਉਪਰੰਤ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਤੇ ਅਕਾਲ ਤਖਤ ਸਾਹਿਬ ਤੋ ਵੀ ਉਸ ਨੂੰ ਪੰਥ ਵਿੱਚੋ ਛੇਕੇ ਜਾਣ ਦੇ ਆਦੇਸ਼ ਵਾਪਸ ਲੈ ਜਾਣ। ਸ੍ਰੀ ਅਕਾਲ ਤਖਤ ਸਾਹਿਬ ਤੋ ਲੰਗਾਹ ਨੂੰ ਛੇਕਦਿਆ ਆਦੇਸ਼ ਜਾਰੀ ਹੋਏ ਸਨ ਕਿ ਉਸ ਨਾਲ ਕੋਈ ਵੀ ਸਿੱਖ ਰੋਟੀ ਬੇਟੀ ਭਾਵ ਸਮਾਜਿਕ, ਰਾਜਨੀਤਕ , ਸਭਿਆਚਾਰਕ ਤੇ ਧਾਰਮਿਕ ਸਾਂਝ ਨਾ ਰੱਖੀ ਜਾਵੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ

ਕਿ ਲੰਗਾਹ ਦੀ ਮੁਆਫੀ ਦੀ ਦਰਖਾਸਤ ਕੋਈ ਹੋਰ ਨਹੀ ਸਗੋ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜਾ ਤੇ ਜਥੇਦਾਰ ਨੂੰ ਹੁਕਮ ਵਾਪਸ ਲੈਣ ਲਈ ਬੇਨਤੀਆ ਕਰਨ ਲੱਗਾ। ਅਕਾਲ ਤਖਤ ਦੇ ਬਾਹਰ ਹੀ ਇੱਕ ਵਿਅਕਤੀ ਨੇ ਜਦੋ ਉਸ ਨੂੰ ਕਿਹਾ ਕਿ ਉਹ ਵੀ ਲੰਗਾਹ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਅਕਾਲ ਤਖਤ ਸਾਹਿਬ ਦਾ ਦੋਸ਼ੀ ਹੈ ਤੇ ਉਸ ਵਿਰੁੱਧ ਵੀ ਮਰਿਆਦਾ ਅਨੁਸਾਰ ਕਾਰਵਾਈ ਹੋ ਸਕਦੀ ਹੈ ਤਾਂ ਉਸ ਮੈਂਬਰ ਕੋਲ ਕੋਈ ਜਵਾਬ ਨਹੀ ਸੀ। ਜਥੇਦਾਰ ਗਿ ਗੁਰਬਚਨ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਦਰਖਾਸਤ ਸ੍ਰੀ ਅਕਾਲ ਤਖਤ ਸਾਹਿਬ ਤੇ ਦੇ ਸਕਦਾ ਹੈ

ਤੇ ਲੰਗਾਹ ਦੀ ਦਰਖਾਸਤ ਤੇ ਜੱਥੇਦਾਰਾਂ ਦੀ ਮੀਟਿੰਗ ਵਿੱਚ ਵਿਚਾਰ ਕੀਤੀ ਜਾਵੇਗੀ।  ਕਾਂਗਰਸੀ ਆਗੂ ਸੁਖਪਾਲ ਸਿੰਘ ਭੁੱਲਰ ਵੱਲੋ ਅਰਦਾਸ ਦੀ ਤੌਹੀਨ ਕਰਨ ਦੀ ਹਾਲੇ ਤੱਕ ਉਹਨਾਂ ਕੋਲ ਕੋਈ ਦਰਖਾਸਤ ਨਹੀ ਆਈ ਫਿਰ ਵੀ ਅਰਦਾਸ ਦੀ ਤੌਹੀਨ ਕਰਨ ਦਾ ਮਾਮਲਾ ਸੰਗੀਨ ਹੈ ਤੇ ਇਹ ਵੀ ਜੱਥੇਦਾਰਾਂ  ਮੀਟਿੰਗ ਵਿੱਚ ਵਿਚਾਰਿਆ ਜਾ ਸਕਦਾ ਹੈ।

ਉਨਾਂ ਇੱਕ ਵਾਰੀ ਫਿਰ ਸਿਆਸੀ ਪਾਰਟੀਆ ਨੂੰ ਤਾੜਨਾ ਕਰਦਿਆ ਕਿਹਾ ਕਿ ਗੁਰੂ ਸਾਹਿਬ ਦੇ ਪਵਿੱਤਰ ਦਿਹਾੜਿਆ ਤੇ ਲਗਾਈਆ ਜਾਂਦੀਆ ਸਿਆਸੀ ਸਟੇਜਾਂ ਸਮੇਂ ਸਿਆਸੀ ਆਗੂ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ ਬਜਾਏ ਸਿਰਫ ਗੁਰੂ ਸਾਹਿਬ ਨਾਲ ਸਬੰਧਿਤ ਸਿੱਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕਰਨ। ਇਸ ਸਬੰਧੀ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋ ਆਦੇਸ਼  ਸੰਦੇਸ਼ ਜਾਰੀ ਹੋ ਚੁੱਕਾ ਹੈ। ਲੰਗਾਹ ਤੇ ਚੱਢਾ ਦੀ ਮੰਝਧਾਰ ਵਿੱਚ ਫਸੀ ਬੇੜੀ ਹੁਣ ਕਿਸੇ ਤਨ ਪੱਤਨ ਲੱਗਦੀ ਹੈ

ਜਾਂ ਨਹੀ ਇਹ ਤਾਂ ਮੀਟਿੰਗ ਉਪਰੰਤ ਹੀ ਪਤਾ ਲੱਗੇਗਾ ਪਰ ਮਰਿਆਦਾ ਅਨੁਸਾਰ ਜਿੰਨਾ ਚਿਰ ਤੱਕ ਦੋਵੇ ਆਪਣੀਆ ਗਲਤੀਆ ਤਸਲੀਮ ਨਹੀ ਕਰਦੇ ਉਨਾ ਚਿਰ ਤੱਕ ਮੁਆਫੀ ਵਾਲਾ ਖਾਨਾ ਖਾਲੀ ਹੀ ਰਹੇਗਾ। ਇਹ ਵੀ ਸੂਚਨਾ ਮਿਲੀ ਹੈ ਕਿ ਅਗਲੇ ਹਫਤੇ ਅਗਸਤ ਦੀਆ ਆਖਰੀ ਤਰੀਕਾਂ ਜਾਂ ਫਿਰ ਸਤੰਬਰ ਦੇ ਪਹਿਲੇ ਹਫਤੇ ਵਿੱਚ ਹੀ ਜੱਥੇਦਾਰਾਂ ਦੀ ਮੀਟਿੰਗ ਹੋ ਸਕਦੀ ਹੈ ਅਤੇ ਸਿਆਸੀ ਤੇ ਧਾਰਮਿਕ ਪੰਡਤ ਇਸ ਮੀਟਿੰਗ ਨੂੰ ਬੜੀ ਬੇਸਬਸਰੀ ਨਾਲ ਉਡੀਕ ਕਰ ਰਹੇ ਹਨ ਪਰ ਲੰਗਾਹ ਤੇ ਚੱਢਾ ਨੂੰ ਇਸ ਮੀਟਿੰਗ ਵਿੱਚ ਰਾਹਤ ਮਿਲਣ ਦੀ ਸੰਭਾਵਨਾ ਮੱਧਮ ਨਜ਼ਰ ਆ ਰਹੀ ਹੈ। 

Related Stories