ਟੀ.ਬੀ. ਦੇ ਮਰੀਜ਼ਾਂ ਦਾ ਘਰ ਬੈਠਿਆਂ ਹੋਵੇਗਾ ਇਲਾਜ ; ਟੀ.ਬੀ. ਸੁਪਰਵਾਇਜ਼ਰਾਂ ਨੂੰ 81 ਸਕੂਟਰ ਤਕਸੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਰੜ ਦੇ ਸਰਕਾਰੀ ਹਸਪਤਾਲ 'ਚ ਬਣੇਗਾ ਵਖਰਾ ਜੱਚਾ-ਬੱਚਾ ਵਾਰਡ : ਬਲਬੀਰ ਸਿੰਘ ਸਿੱਧੂ

81 scooters distributes to TB supervisors

ਚੰਡੀਗੜ੍ਹ : ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿਚ ਟੀ.ਬੀ. ਦੇ ਮਰੀਜ਼ਾਂ ਤਕ ਸੁਖਾਲੀ ਅਤੇ ਵਿਆਪਕ ਪਹੁੰਚ ਬਣਾਉਣ ਦੇ ਮੰਤਵ ਨਾਲ ਟੀ.ਬੀ. ਸੁਪਰਵਾਇਜ਼ਰਾਂ ਨੂੰ ਸਕੂਟਰ ਤਕਸੀਮ ਕਰਨ ਮਗਰੋਂ ਉਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਖਰੜ ਦੇ ਸਬ-ਡਵੀਜ਼ਨਲ ਹਸਪਤਾਲ (ਐਸ.ਡੀ.ਐਚ.) ਵਿਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਿੱਧੂ ਨੇ ਦਸਿਆ ਕਿ ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ ਇਹ ਸਕੂਟਰ ਫ਼ੀਲਡ ਵਰਕਰਾਂ ਨੂੰ ਦਿਤੇ ਗਏ ਹਨ ਤਾਂਕਿ ਉਹ ਟੀ.ਬੀ. ਦੇ ਮਰੀਜ਼ਾਂ ਤਕ ਲਗਾਤਾਰ ਅਤੇ ਆਸਾਨ ਪਹੁੰਚ ਬਣਾ ਸਕਣ। ਉਨ੍ਹਾਂ ਕਿਹਾ ਕਿ ਜੇ ਸਿਹਤ ਵਿਭਾਗ ਟੀ.ਬੀ. ਦੇ ਮਰੀਜ਼ਾਂ ਦੀ ਸਹੀ ਖ਼ਬਰਸਾਰ ਰੱਖ ਸਕੇਗਾ ਤਾਂ ਸੂਬੇ ਵਿਚ ਟੀ.ਬੀ. (ਤਪਦਿਕ ) ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਵਿਚ ਮਦਦ ਮਿਲ ਸਕੇਗੀ।

ਸਿਹਤ ਮੰਤਰੀ ਨੇ ਦਸਿਆ ਕਿ ਅੱਜ ਖਰੜ, ਬਠਿੰਡਾ ਅਤੇ ਵੇਰਕਾ ਵਿਖੇ ਤਿੰਨ ਥਾਈਂ ਸਮਾਗਮ ਹੋਏ ਹਨ ਜਿਥੇ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਅਤੇ ਸੀਨੀਅਰ ਟਰੀਟਮੈਂਟ ਲੈਬ ਸੁਪਰਵਾਇਜ਼ਰ (ਐਸ.ਟੀ.ਐਸ.ਅਤੇ ਐਸ.ਟੀ.ਐਲ.ਐਸ.) ਨੂੰ ਕੁਲ 81 ਸਕੂਟਰ ਦਿਤੇ ਗਏ ਹਨ, ਜਿਨ੍ਹਾਂ ਵਿਚੋਂ ਖਰੜ, ਲੁਧਿਆਣਾ, ਪਟਿਆਲਾ, ਰੋਪੜ, ਨਵਾਂਸ਼ਹਿਰ ਅਤੇ ਫ਼ਤਿਹਗੜ੍ਹ ਸਾਹਿਬ ਦੇ 24 ਸੁਪਰਵਾਇਜ਼ਰਾਂ ਨੂੰ ਸਕੂਟਰਾਂ ਦੀ ਵੰਡ ਕੀਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਵਿਖੇ 18 ਅਤੇ ਵੇਰਕਾ ਵਿਖੇ 39 ਸਕੂਟਰ ਵੰਡੇ ਗਏ ਹਨ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਿਚ ਅਜਿਹੇ ਕੁਲ 215 ਸੁਪਰਵਾਈਜ਼ਰ ਹਨ, ਜਿਨ੍ਹਾਂ ਵਿਚੋਂ 134 ਕੋਲ ਪਹਿਲਾਂ ਹੀ ਇਹ ਸਹੂਲਤ ਸੀ ਅਤੇ ਅੱਜ 81 ਹੋਰਾਂ ਨੂੰ ਇਹ ਸਹੂਲਤ ਦਿਤੇ ਜਾਣ ਨਾਲ ਹੁਣ ਸਾਰੇ 215 ਸੁਪਰਵਾਈਰਾਂ ਕੋਲ ਸਕੂਟਰ ਦੀ ਸਹੂਲਤ ਹੈ।

ਸਿੱਧੂ ਨੇ ਦਸਿਆ ਕਿ ਜਿਥੇ ਇਹ ਸੁਪਰਵਾਇਜ਼ਰ ਟੀ.ਬੀ. ਦੇ ਮਰੀਜ਼ਾਂ ਨੂੰ ਦਿਤੀ ਜਾ ਰਹੀ ਦਵਾਈ ਦੀ ਸਥਿਤੀ ਬਾਰੇ ਜਾਣਕਾਰੀ ਲੈਣਗੇ, ਉਥੇ ਇਹ ਵੇਖਣਗੇ ਕਿ ਉੁਸ ਦੇ ਘਰ ਜਾਂ ਆਲੇ-ਦੁਆਲੇ ਟੀ.ਬੀ. ਦਾ ਕੋਈ ਸ਼ੱਕੀ ਮਰੀਜ਼ ਤਾਂ ਨਹੀਂ। ਜੇ ਅਜਿਹਾ ਮਰੀਜ਼ ਮਿਲਦਾ ਹੈ ਤਾਂ ਉਸ ਦੇ ਜ਼ਰੂਰੀ ਟੈਸਟ ਕਰਵਾਉਣ ਲਈ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਚ ਉਸ ਨੂੰ ਭੇਜਿਆ ਜਾਵੇਗਾ। ਨਾਲ ਹੀ ਇਹ ਵਰਕਰ ਯਕੀਨੀ ਬਨਾਉਣਗੇ ਕਿ ਮਰੀਜ਼ ਨੂੰ ਦਵਾਈ ਲੈਣ ਵਿਚ ਕਿਸੇ ਵੀ ਤਰਾਂ ਦੀ ਦਿੱਕਤ ਨਾ ਹੋਵੇ।  ਇਸ ਤੋਂ ਇਲਾਵਾ ਮਰੀਜ਼ ਨੂੰ ਮਿਲ ਰਹੀ ਮਾਲੀ ਇਮਦਾਦ ਬਾਰੇ ਵੀ ਜਾਣਕਾਰੀ ਲੈਣਗੇ। ਉਨ੍ਹਾਂ ਦਸਿਆ ਕਿ ਸਰਕਾਰ ਵਲੋਂ ਟੀ.ਬੀ. ਦੇ ਹਰ ਮਰੀਜ਼ ਨੂੰ ਹਰ ਮਹੀਨੇ 500 ਰੁਪਏ ਦੀ ਮਾਲੀ ਇਮਦਾਦ ਦਿਤੀ ਜਾਂਦੀ ਹੈ ਤਾਕਿ ਉਹ ਚੰਗੀ ਤੇ ਪੌਸ਼ਟਿਕ ਖ਼ੁਰਾਕ ਦਾ ਸੇਵਨ ਕਰ ਸਕੇ।

ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਅਹਿਮ ਐਲਾਨ ਕੀਤਾ ਕਿ ਖਰੜ ਦੇ ਸਰਕਾਰੀ ਹਸਪਤਾਲ ਵਿਚ ਵਖਰੇ ਜੱਚਾ-ਬੱਚਾ ਵਾਰਡ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ 50 ਬਿਸਤਰਿਆਂ ਵਾਲੇ ਇਸ ਵਾਰਡ ਵਿਚ ਤਮਾਮ ਆਧੁਨਿਕ ਸਹੂਲਤਾਂ ਹੋਣਗੀਆਂ ਤਾਂਕਿ ਸਬੰਧਤ ਮਰੀਜ਼ਾਂ ਨੂੰ ਮੋਹਾਲੀ ਜਾਂ ਚੰਡੀਗੜ੍ਹ ਵਿਖੇ ਜਾਣ ਦੀ ਲੋੜ ਹੀ ਨਾ ਪਵੇ। ਸਿਹਤ ਮੰਤਰੀ ਨੇ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਸੂਬਾ ਭਰ ਵਿਚ ਇਸ ਯੋਜਨਾ ਦੀ ਰਸਮੀ ਸ਼ੁਰੂਆਤ 20 ਅਗਸਤ ਤੋਂ ਕਰ ਦਿੱਤੀ ਗਈ ਹੈ, ਜਿਸ ਤਹਿਤ ਸੂਬੇ ਦੇ 46 ਲੱਖ ਪਰਵਾਰਾਂ ਦਾ ਪੰਜ-ਪੰਜ ਲੱਖ ਰੁਪਏ ਤਕ ਦਾ ਸਿਹਤ ਬੀਮਾ ਕੀਤਾ ਜਾਵੇਗਾ। ਲਾਭਪਾਤਰੀ ਪਰਿਵਾਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਸਕਣਗੇ ਜਿਥੇ ਈ-ਕਾਰਡ ਧਾਰਕ ਦਾਖ਼ਲ ਮਰੀਜ਼ ਦਾ ਪੰਜ ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।