7 ਸਾਲ ਦੀ ਪੋਤੀ ਨਾਲ ਕੁਕਰਮ ਕਰਨ ਦੇ ਦੋਸ਼ 'ਚ ਦਾਦੇ ਨੂੰ ਨਹੀਂ ਮਿਲੀ ਜ਼ਮਾਨਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡੇ ਦੇ ਮੌੜ ਵਿਚ ਫਰਵਰੀ 'ਚ ਅਪਣੀ ਹੀ 7 ਸਾਲ ਦੀ ਪੋਤੀ ਨਾਲ ਕੁਕਰਮ ਦੇ ਆਰੋਪੀ ਦੀ ਜ਼ਮਾਨਤ ਦੀ ਮੰਗ ਹਾਈਕੋਰਟ ਨੇ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਵਿਅਕਤੀ ਜੋ 85 ਸਾ..

Punjab and Haryana High Court

ਚੰਡੀਗੜ੍ਹ : ਬਠਿੰਡੇ ਦੇ ਮੌੜ ਵਿਚ ਫਰਵਰੀ 'ਚ ਅਪਣੀ ਹੀ 7 ਸਾਲ ਦੀ ਪੋਤੀ ਨਾਲ ਕੁਕਰਮ ਦੇ ਆਰੋਪੀ ਦੀ ਜ਼ਮਾਨਤ ਦੀ ਮੰਗ ਹਾਈਕੋਰਟ ਨੇ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਵਿਅਕਤੀ ਜੋ 85 ਸਾਲ ਦਾ ਹੈ ਅਤੇ 7 ਸਾਲ ਦੀ ਪੋਤੀ ਨਾਲ ਕੁਕਰਮ ਕਰਨ ਦਾ ਆਰੋਪੀ ਹੈ, ਉਸ ਨੂੰ ਕਿਸੇ ਵੀ ਸੂਰਤ ਵਿਚ ਜ਼ਮਾਨਤ ਨਹੀਂ ਦਿਤੀ ਜਾ ਸਕਦੀ ਹੈ। ਜਸਟੀਸ ਹਰਮਿੰਦਰ ਸਿੰਘ ਮਦਾਨ ਨੇ ਜ਼ਮਾਨਤ ਪਟੀਸ਼ਨ ਖਾਰਿਜ ਕਰਦੇ ਹੋਏ ਕਿਹਾ ਕਿ ਆਰੋਪੀ ਜੋ ਅਪਣੇ ਜੀਵਨ ਦੇ ਆਖਰੀ ਪੜਾਅ ਵਿਚ ਹੈ, ਉਸ ਉਤੇ ਅਜਿਹੇ ਕੁਕਰਮ ਕਰਨ ਦੇ ਦੋਸ਼ ਦਾ ਇਲਜ਼ਾਮ ਹੈ।  

ਇਸ ਤੋਂ ਇਸ ਵਿਅਕਤੀ ਦੀ ਗਲਤ ਮਾਨਸਿਕਤਾ ਦਾ ਪਤਾ ਚੱਲਦਾ ਹੈ। ਜੇਕਰ ਅਜਿਹੇ ਵਿਅਕਤੀ ਨੂੰ ਜ਼ਮਾਨਤ ਦਿਤੀ ਗਈ ਤਾਂ ਉਹ ਹੋਰ ਮਾਸੂਮਾਂ ਲਈ ਖ਼ਤਰਾ ਹੋ ਸਕਦਾ ਹੈ। ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ ਦਾ ਟਰਾਇਲ ਛੇਤੀ ਹੀ ਪੂਰਾ ਹੋ ਸਕਦਾ ਹੈ, ਲਿਹਾਜ਼ਾ ਜਦੋਂ ਤੱਕ ਮਾਮਲੇ ਦਾ ਟਰਾਇਲ ਪੂਰਾ ਨਹੀਂ ਹੁੰਦਾ, ਤੱਦ ਤੱਕ ਅਜਿਹੇ ਆਰੋਪੀ ਨੂੰ ਕਿਸੇ ਵੀ ਅਧਾਰ 'ਤੇ ਜ਼ਮਾਨਤ ਨਹੀਂ ਦਿਤੀ ਜਾ ਸਕਦੀ ਹੈ। ਇਸ ਮਾਮਲੇ ਵਿਚ ਪੀੜਤਾ ਦੀ ਮਾਂ ਨੇ ਹੀ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੀ 7 ਸਾਲ ਦੀ ਬੱਚੀ ਜਦ ਘਰ ਤੋਂ ਬਾਹਰ ਖੇਡ ਰਹੀ ਸੀ ਤਾਂ ਅਚਾਨਕ ਗਾਇਬ ਹੋ ਗਈ।

ਬਾਅਦ ਵਿਚ ਉਸ ਦੀ ਮਾਂ ਅਤੇ ਸੱਸ ਜਦੋਂ ਬੱਚੀ ਨੂੰ ਲੱਭਣ ਲੱਗੇ ਤਾਂ ਘਰ ਦੇ ਅੰਦਰ ਹੀ ਦਾਦੇ ਨੂੰ ਬਿਸਤਰੇ 'ਤੇ ਪਿਆ ਦੇਖਿਆ ਅਤੇ ਨਾਲ ਹੀ ਮਾਸੂਮ ਬੱਚੀ ਵੀ ਸੀ ਪਈ ਸੀ, ਜਿਸ ਦੇ ਕਪੜੇ ਉਤਰੇ ਹੋਏ ਸਨ। ਇਸ ਤੋਂ ਬਾਅਦ ਬੱਚੀ ਨੇ ਅਪਣੀ ਮਾਂ ਨੂੰ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਅਤੇ ਦਾਦੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਉਸ ਦੇ ਵਿਰੁਧ ਐਫਆਈਆਰ ਦਰਜ ਕਰ ਦਿਤੀ। ਇਸ ਮਾਮਲੇ ਵਿਚ ਆਰੋਪੀ ਦਾਦਾ ਦੀ ਜਿਲ੍ਹਾ ਅਦਾਲਤ ਨੇ ਪਹਿਲਾਂ ਹੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਿਜ ਕਰ ਦਿਤਾ ਸੀ। ਹੁਣ ਹਾਈਕੋਰਟ ਨੇ ਵੀ ਆਰੋਪੀ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿਤੀ ਹੈ।