ਅਣਪਛਾਤਿਆਂ ਵਲੋਂ ਪਤੀ ਪਤਨੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ
ਵਿਧਾਨ ਸਭਾ ਹਲਕਾ ਜ਼ੀਰਾ ਅਧੀਨ ਆਉਂਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਸਵੇਰੇ ਕਰੀਬ ਅੱਠ ਵਜੇ ਅਣਪਛਾਤਿਆਂ ਵਲੋਂ ਕੋਠੀ
ਜ਼ੀਰਾ, (ਬਲਬੀਰ ਸਿੰਘ ਜੋਸਨ):- ਵਿਧਾਨ ਸਭਾ ਹਲਕਾ ਜ਼ੀਰਾ ਅਧੀਨ ਆਉਂਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਸਵੇਰੇ ਕਰੀਬ ਅੱਠ ਵਜੇ ਅਣਪਛਾਤਿਆਂ ਵਲੋਂ ਕੋਠੀ ਅੰਦਰ ਦਾਖਲ ਹੋ ਕੇ ਪਤੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਾਜਪ੍ਰੀਤ ਸਿੰਘ ਅਤੇ ਪ੍ਰਭਦੀਪ ਕੌਰ ਵਾਸੀ ਪਿੰਡ ਪੰਡੋਰੀ ਖੱਤਰੀਆਂ ਵਜੋਂ ਹੋਈ ਹੈ। ਜਾਣਕਾਰੀ ਦੇ ਮੁਤਾਬਕ ਜਿਸ ਵੇਲੇ ਅਣਪਛਾਤਿਆਂ ਵਲੋਂ ਉਕਤ ਪਤੀ ਪਤਨੀ ਦੇ ਗੋਲੀਆਂ ਮਾਰੀਆਂ ਗਈਆਂ, ਉਸ ਵੇਲੇ ਪ੍ਰਭਦੀਪ ਕੌਰ ਰਸੋਈ ਵਿਚ ਕੰਮ ਕਰ ਰਹੀ ਸੀ ਅਤੇ ਰਾਜਪ੍ਰੀਤ ਸਿੰਘ ਕੋਠੀ ਵਿਖੇ ਬੈਠਾ ਸੀ।
ਇਸ ਦੌਰਾਨ ਅਣਪਛਾਤੇ ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਰਾਜਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਪ੍ਰਭਦੀਪ ਕੌਰ ਦੇ ਸਿਰ ਵਿਚ ਗੋਲੀਆਂ ਮਾਰ ਕੇ ਕਤਲ ਕਰਕੇ ਫਰਾਰ ਹੋ ਗਏ। ਪੁਲਿਸ ਮੁਤਾਬਕ ਰਾਜਪ੍ਰੀਤ ਸਿੰਘ ਦੀ ਨੌਕਰਾਣੀ ਨੇ ਦੱਸਿਆ ਕਿ ਜਦੋਂ ਮਾਲਕ ਰਾਜਪ੍ਰੀਤ ਸਿੰਘ ਦੇ ਘਰ ਰੋਜ਼ਾਨਾਂ ਦੀ ਤਰ੍ਹਾ ਕੰਮ ਲਈ ਪਹੁੰਚੀ ਤਾਂ ਦੇਖਿਆ ਕਿ ਘਰ ਦੀ ਮਾਲਕਣ ਪ੍ਰਭਦੀਪ ਕੌਰ ਦੀ ਲਾਸ਼ ਰਸੋਈ ਵਿਚ ਪਈ ਸੀ, ਜਦੋਂਕਿ ਘਰ ਦੇ ਮਾਲਕ ਰਾਜਪ੍ਰੀਤ ਸਿੰਘ ਦੀ ਲਾਸ਼ ਕੋਠੀ ਵਿਚ ਪਈ ਸੀ, ਜਿਨ੍ਹਾਂ ਦੇ ਸਿਰ ਵਿਚੋਂ ਖ਼ੂਨ ਵਹਿ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਮੁਤਾਬਿਕ ਘਟਨਾ ਸਥਾਨ ਤੋਂ ਪਿਸਟਲ ਨਾਲ ਚੱਲੀਆਂ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਪੁਲਿਸ ਨੇ ਦੱਸਿਆ ਕਿ ਹਮਲਾਵਰ ਮ੍ਰਿਤਕ ਰਾਜਪ੍ਰੀਤ ਸਿੰਘ ਦੀ ਕੋਠੀ ਮੂਹਰੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਪੁੱਟ ਕੇ ਆਪਣੇ ਨਾਲ ਲੈ ਗਏ।
ਦੱਸ ਦਈਏ ਕਿ ਮ੍ਰਿਤਕ ਜੋੜੇ ਦੇ ਘਰ ਪਿਛਲੇ ਲੰਮੇ ਸਮੇਂ ਤੋਂ ਕੋਈ ਬੱਚਾ ਨਹੀਂ ਸੀ ਹੋਇਆ ਅਤੇ ਹੁਣ ਮ੍ਰਿਤਕ ਪ੍ਰਭਦੀਪ ਕੌਰ ਗਰਭਵਤੀ ਸੀ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਸਹਿਮ ਦਾ ਮਾਹੌਲ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਡੀ.ਐਸ.ਪੀ. ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੇ। ਇਸ ਸਾਰੇ ਮਾਮਲੇ ਨੂੰ ਲੈ ਕੇ ਜ਼ੀਰਾ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।