ਕੈਬਨਿਟ ਸਾਥੀਆਂ ਦੇ ਭਰੋਸੇ ਤੋਂ ਬਾਅਦ ਮੁੱਖ ਮੰਤਰੀ ਵਲੋਂ ਇਜ਼ਰਾਈਲ ਦੌਰੇ 'ਤੇ ਜਾਣ ਦਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਚੱਲ ਰਹੇ ਰਾਹਤ ਤੇ ਮੁੜ ਵਸੇਬਾ ਕਾਰਜਾਂ 'ਤੇ ਪੂਰੀ ਤਰ੍ਹਾਂ ਤਸੱਲੀ ਹੋਣ ਅਤੇ ਕੈਬਨਿਟ ਸਾਥੀਆਂ ਵਲੋਂ ਪੂਰਾ ਧਿਆਨ...

Chief Minister decides on his trip to Israel

ਚੰਡੀਗੜ੍ਹ (ਸਸਸ) : ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਚੱਲ ਰਹੇ ਰਾਹਤ ਤੇ ਮੁੜ ਵਸੇਬਾ ਕਾਰਜਾਂ 'ਤੇ ਪੂਰੀ ਤਰ੍ਹਾਂ ਤਸੱਲੀ ਹੋਣ ਅਤੇ ਕੈਬਨਿਟ ਸਾਥੀਆਂ ਵਲੋਂ ਪੂਰਾ ਧਿਆਨ ਰੱਖਣ ਦੇ ਦਿਤੇ ਭਰੋਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਜ਼ਰਾਈਲ ਯਾਤਰਾ 'ਤੇ ਜਾਣ ਦਾ ਫੈਸਲਾ ਕੀਤਾ ਹੈ ਜਿਥੇ ਭਲਕੇ ਉਨ੍ਹਾਂ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਨਿਰਧਾਰਤ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਦੌਰੇ ਲਈ ਰਵਾਨਾ ਹੋਣਾ ਸੀ

ਪਰ ਇਸੇ ਦੌਰਾਨ ਹੀ ਅੰਮ੍ਰਿਤਸਰ ਵਿਖੇ ਰੇਲ ਹਾਦਸਾ ਵਾਪਰ ਜਾਣ ਤੋਂ ਬਾਅਦ ਆਖਰੀ ਸਮੇਂ ਇਸ ਨੂੰ ਰੱਦ ਕਰ ਦਿਤਾ ਗਿਆ ਸੀ। ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਵਿਚ ਪੂਰਾ ਦਿਨ ਬਿਤਾਇਆ ਅਤੇ ਐਤਵਾਰ ਵੀ ਉਹ ਅਪਣੇ ਕੈਬਨਿਟ ਸਾਥੀਆਂ ਅਤੇ ਸੀਨੀਅਰ ਅਧਿਕਾਰੀਆਂ ਪਾਸੋਂ ਸਥਿਤੀ ਦਾ ਲਗਾਤਾਰ ਜਾਇਜ਼ਾ ਲੈਂਦੇ ਰਹੇ। ਉਨ੍ਹਾਂ ਨੇ ਅਧਿਕਾਰੀਆਂ ਅਤੇ ਸੰਕਟ ਪ੍ਰਬੰਧਨ ਗਰੁੱਪ ਦੇ ਮੈਂਬਰਾਂ ਨੂੰ ਵੀ ਪੀੜਤਾਂ ਦੀ ਰਾਹਤ ਲਈ ਕੋਈ ਕਸਰ ਬਾਕੀ ਨਾ ਛੱਡਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਪਹਿਲਾਂ ਤਾਂ ਅੰਮ੍ਰਿਤਸਰ ਹਾਦਸੇ ਦੇ ਮੱਦੇਨਜ਼ਰ ਅਪਣਾ ਦੌਰਾ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਫਿਰ ਉਨ੍ਹਾਂ ਨੂੰ ਇਜ਼ਰਾਈਲ ਦੌਰੇ 'ਤੇ ਜਾਣ ਦੀ ਸਲਾਹ ਦਿਤੀ ਗਈ ਕਿਉਂ ਜੋ ਜਲ ਸਰੋਤਾਂ ਦੀ ਸੰਭਾਲ ਅਤੇ ਡੇਅਰੀ ਵਿਕਾਸ ਲਈ ਉਨ੍ਹਾਂ ਵਲੋਂ ਇਜ਼ਰਾਈਲ ਨਾਲ ਤਿੰਨ ਮਹੱਤਵਪੂਰਨ ਸਮਝੌਤੇ ਸਹੀਬੰਦ (ਐਮ.ਓ.ਯੂ.) ਕੀਤੇ ਜਾਣ ਦਾ ਪ੍ਰੋਗਰਾਮ ਹੈ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਤਜਵੀਜ਼ਾਂ ਦੀ ਪੰਜਾਬ ਲਈ ਖਾਸ ਕਰਕੇ ਖੇਤੀ ਵਿਭਿੰਨਤਾ ਅਤੇ ਪਾਣੀ ਦੇ ਖੁਰ ਰਹੇ ਵਸੀਲਿਆਂ ਨੂੰ ਬਚਾਉਣ ਪੱਖੋਂ ਬਹੁਤ ਅਹਿਮੀਅਤ ਹੈ।

ਉਨ੍ਹਾਂ ਦੱਸਿਆ ਕਿ ਇਜ਼ਰਾਈਲ ਆਧੁਨਿਕ ਤਕਨੀਕ ਦੀ ਵਰਤੋਂ ਰਾਹੀਂ 90 ਫੀਸਦੀ ਪਾਣੀ ਨੂੰ ਮੁੜ ਵਰਤਣਯੋਗ ਬਣਾਉਂਦਾ ਹੈ ਅਤੇ ਪੰਜਾਬ ਵੀ ਇਸ ਤਕਨੀਕ ਨੂੰ ਅਪਣਾ ਸਕਦਾ ਹੈ। ਇਸ ਤੋਂ ਇਲਾਵਾ 23 ਅਕਤੂਬਰ ਨੂੰ ਮੁੱਖ ਮੰਤਰੀ ਦਾ ਇਜ਼ਰਾਈਲ ਦੇ ਰਾਸ਼ਟਰਪਤੀ ਰਿਊਵੇਨ ਰਿਵਲਿਨ ਨਾਲ ਵੀ ਮੀਟਿੰਗ ਨਿਰਧਾਰਤ ਹੈ। ਇਸੇ ਤਰ੍ਹਾਂ ਖੇਤੀਬਾੜੀ ਅਤੇ ਜਲ ਸਰੋਤਾਂ ਬਾਰੇ ਸਮਝੌਤੇ ਸਹੀਬੰਦ ਕਰਨ ਲਈ ਇਜ਼ਰਾਈਲ ਦੇ ਖੇਤੀਬਾੜੀ ਮੰਤਰੀ ਉਰੀ ਏਰੀਅਲ ਅਤੇ ਊਰਜਾ ਤੇ ਜਲ ਸਰੋਤ ਮੰਤਰੀ ਡਾ. ਯੁਵਾਲ ਸਟੇਨਿਟਜ਼ ਨਾਲ ਵੱਖਰੇ ਤੌਰ 'ਤੇ ਮੀਟਿੰਗਾਂ ਤੈਅ ਹਨ। 

ਬੁਲਾਰੇ ਨੇ ਦੱਸਿਆ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਬਣੇ ਕੈਬਨਿਟ ਮੰਤਰੀਆਂ ਦੇ ਸੰਕਟ ਪ੍ਰਬੰਧਨ ਗਰੁੱਪ ਤੋਂ ਇਲਾਵਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੁੱਖ ਮੰਤਰੀ ਲਗਾਤਾਰ ਸੰਪਰਕ ਵਿਚ ਰਹਿਣਗੇ। ਮੁੱਖ ਮੰਤਰੀ ਨੇ ਸ਼ੁੱਕਰਵਾਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲੋਂ ਵੀ ਜ਼ਮੀਨੀ ਪੱਧਰ 'ਤੇ ਫੀਡਬੈਕ ਲੈਂਦਿਆਂ ਨਿਰੰਤਰ ਰਾਬਤਾ ਬਣਾਈ ਰੱਖਿਆ ਅਤੇ ਲੋੜੀਂਦੀਆਂ ਹਦਾਇਤਾਂ ਵੀ ਦਿਤੀਆਂ।

ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਇਹ ਵੀ ਕਿਹਾ ਕਿ ਹਰ ਜ਼ਰੂਰਤਮੰਦ ਪਰਿਵਾਰ ਨੂੰ ਫੌਰੀ ਰਾਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਇਸ ਸਬੰਧੀ ਵਿਸ਼ੇਸ਼ ਟੀਮ ਵੀ ਸਥਾਪਤ ਕੀਤੀ ਗਈ ਹੈ ਜਿਸ ਨੂੰ ਹਰ ਪੀੜਤ ਪਰਿਵਾਰ ਨੂੰ ਮਿਲਣ ਦੀ ਹਦਾਇਤ ਦਿਤੀ ਗਈ ਹੈ ਤਾਂ ਜੋ ਪੀੜਤ ਪਰਿਵਾਰਾਂ ਦੀਆਂ ਅਤਿ ਜ਼ਰੂਰੀ ਲੋੜਾਂ ਜਾਣੀਆਂ ਜਾਣ ਅਤੇ ਹਰ ਤਰ੍ਹਾਂ ਦੀ ਮਦਦ ਉਨ੍ਹਾਂ ਨੂੰ ਮੌਕੇ 'ਤੇ ਹੀ ਮੁਹੱਈਆ ਕਰਵਾਈ ਜਾ ਸਕੇ।