ਪੰਜਾਬ ਦੇ ਮੁੱਖ ਮੰਤਰੀ ਅਜੇ ਵੀ ਅਪਣੇ ਬਚਨ ਪੁਗਾ ਕੇ ਪੰਜਾਬ ਦੀ ਹੋਣੀ ਬਦਲ ਸਕਦੇ ਹਨ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਅਸਲ ਮੁੱਦਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਰੈਲੀ ਵਿਚ ਗੁਟਕੇ ਦੀ ਸਹੁੰ ਖਾਣ ਵੇਲੇ ਲੱਖਾਂ ਲੋਕਾਂ ਦੇ ਇਕੱਠ ਵਿਚ ਚੁਕ ਕੇ ਕਿਹਾ ਸੀ,

Captain Amarinder Singh

ਅਸੀ ਹਰ ਸਟੇਜ ਤੇ ਇਕੋ ਗੱਲ ਦੱਬੀ ਫਿਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਦੀ ਸਹੁੰ ਖਾਧੀ। ਇਕ ਅਸਲ ਮੁੱਦਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਰੈਲੀ ਵਿਚ ਗੁਟਕੇ ਦੀ ਸਹੁੰ ਖਾਣ ਵੇਲੇ ਲੱਖਾਂ ਲੋਕਾਂ ਦੇ ਇਕੱਠ ਵਿਚ ਚੁਕ ਕੇ ਕਿਹਾ ਸੀ, ਉਹ ਇਹ ਸੀ ਕਿ ''ਮੈਨੂੰ ਸੁਖਬੀਰ ਬਾਦਲ ਬੁੱਢਾ ਸ਼ੇਰ ਕਹਿੰਦਾ ਹੈ। ਮੈਂ ਭਾਵੇਂ ਬੁੱਢਾ ਹਾਂ ਪਰ ਸ਼ੇਰ ਹਾਂ। ਮੈਨੂੰ ਜਿਤਾਉ। ਮੈਂ ਬੁੱਢਾ ਸ਼ੇਰ ਬਾਦਲਾਂ ਨੂੰ ਤੇ ਬਾਦਲਾਂ ਦੇ ਪ੍ਰਵਾਰ ਨੂੰ ਖਾ ਜਾਵਾਂਗਾ।''

ਅਮਰਿੰਦਰ ਸਿੰਘ ਦਾ ਕਹਿਣ ਦਾ ਜੋ ਭਾਵ ਸੀ ਤੇ ਜੋ ਕਿਹਾ, ਉਹ ਇਹ ਸੀ ਕਿ ਪੰਜਾਬ ਵਿਚ ਦਸ ਸਾਲ ਦੇ ਰਾਜ ਵਿਚ ਬਾਦਲਾਂ ਨੇ ਪੰਜਾਬ ਸਰਕਾਰ ਦਾ, ਪੰਜਾਬ ਦੇ ਲੋਕਾਂ ਦਾ ਜਿੰਨਾ ਪੈਸਾ ਲੁਟਿਆ ਹੈ, ਮੈਂ ਇਕ-ਇਕ ਰੁਪਿਆ ਵਾਪਸ ਕਰਵਾਵਾਂਗਾ ਤੇ ਇਨ੍ਹਾਂ ਨੂੰ ਅੰਦਰ ਕਰਵਾਵਾਂਗਾ। ਨਾ ਇਹ ਮੁੱਦਾ ਮੇਰੇ ਪ੍ਰੈਸ ਵਾਲੇ ਵੀਰ ਚੁਕਦੇ ਨੇ, ਨਾ ਹੀ ਮੀਡੀਆ ਵਿਖਾਉਂਦਾ ਹੈ ਤੇ ਨਾ ਹੀ ਲੋਕ ਬੋਲਦੇ ਹਨ।

ਜੇ ਇਹ ਮੁੱਦੇ ਪੰਜਾਬ ਵਿਚ ਚੁੱਕੇ ਹੁੰਦੇ ਤਾਂ ਬੀਬਾ ਹਰਸਿਮਰਤ ਕੌਰ ਜਿੱਤ ਕੇ ਪੰਜਾਬ ਦੇ ਲੋਕਾਂ ਨੂੰ ਖ਼ਾਸ ਕਰ ਕੇ ਬਠਿੰਡੇ ਵਾਲਿਆਂ ਨੂੰ ਉੱਲੂ ਬਣਾ ਕੇ ਉਨ੍ਹਾਂ ਦੀਆਂ ਛਾਤੀਆਂ ਉਤੇ ਨੱਚ ਕੇ ਠੁਮਕੇ ਨਾ ਮਾਰਦੀ। ਜੇ ਕਿਸੇ ਮੋਟਰ ਸਾਈਕਲ ਵਾਲੇ ਕੋਲ ਇਕ ਧੂੰਏਂ ਦੀ ਪਰਚੀ ਭਾਵ ਪ੍ਰਦੂਸ਼ਣ ਦੀ ਪਰਚੀ ਨਾ ਹੋਵੇ ਤਾਂ ਨਾਕੇ ਉਤੇ ਖੜੀ ਪੁਲਿਸ ਕਿਵੇਂ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ।
 

ਕੈਪਟਨ ਸਾਹਬ ਜਿਹੜੇ ਬਾਦਲਾਂ ਨੇ ਪੰਜਾਬ ਦੀ ਟਰਾਂਸਪੋਰਟ ਕਾਰਪੋਰੇਸ਼ਨ ਤਬਾਹ ਕੀਤੀ, ਸਾਰੇ ਮਹਿੰਗੇ ਰੂਟ ਲੈ ਗਏ, ਅਦਾਰੇ ਵੇਚ ਗਏ, ਰੇਤ ਮਾਫ਼ੀਆ ਬਣੇ, ਚਿੱਟੇ ਦੇ ਸੌਦਾਗਰ ਬਣੇ, ਗੁਰੂ ਘਰਾਂ ਨੂੰ ਲੁੱਟ ਕੇ ਲੈ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਗਏ, ਪੁਲਿਸ ਤੇ ਕਾਨੂੰਨ ਨੂੰ ਨਿਜੀ ਹਿਤਾਂ, ਸੁਆਰਥਾਂ ਲਈ ਵਰਤ ਗਏ, ਤੁਹਾਡੇ ਢਾਈ ਸਾਲਾਂ ਦੇ ਰਾਜ ਵਿਚ ਉਨ੍ਹਾਂ ਦਾ ਵਾਲ ਤਕ ਵੀ ਵਿੰਗਾ ਨਾ ਹੋਇਆ।

ਅਕਾਲੀਆਂ ਦੇ ਰਾਜ ਨਾਲੋਂ ਅੱਜ ਕਾਂਗਰਸ ਦੇ ਰਾਜ ਵਿਚ ਸੁਖਬੀਰ ਦੀਆਂ ਸਾਰੀਆਂ ਬਸਾਂ ਬੜੇ ਨਜ਼ਾਰੇ ਨਾਲ ਚਲ ਰਹੀਆਂ ਹਨ। ਪੰਜਾਬ ਵਿਚ ਸੱਭ ਤੋਂ ਮਹਿੰਗੀ ਬਿਜਲੀ ਹੈ। ਲੋਕਾਂ ਨੂੰ ਤਾਂ ਹਰ ਵੇਲੇ ਵੱਡੇ-ਵੱਡੇ ਬਿੱਲ ਭਰਨ ਦਾ ਡਰ ਸਤਾ ਰਿਹਾ ਹੈ। ਯਾਦ ਕਰੋ ਤੁਹਾਡੇ ਖ਼ਜ਼ਾਨਾ ਮੰਤਰੀ ਨੇ ਕਿਹਾ ਸੀ, ''ਪੰਜਾਬ ਦੇ ਦੁਕਾਨਦਾਰਾਂ ਨੂੰ ਕਾਮਯਾਬ ਕਰਾਂਗੇ, ਜਵਾਈ ਭਾਈ ਵਾਂਗ ਸਤਿਕਾਰ ਦੇਵਾਂਗਾ।'' ਹਰ ਦੁਕਾਨਦਾਰ ਨੂੰ ਸੀ.ਐਸ. ਭਾਵ ਵਪਾਰਕ ਅਦਾਰੇ ਦਾ ਬਿਜਲੀ ਕੁਨੈਕਸ਼ਨ ਦੁਕਾਨ ਵਿਚ ਲੈਣਾ ਪੈਂਦਾ ਹੈ ਜਿਸ ਦਾ ਰੇਟ ਘਰਾਂ ਦੀ ਯੂਨਿਟ ਨਾਲੋਂ ਕਿਤੇ ਵੱਧ ਹੈ।

ਰਹਿੰਦੀ ਖੂੰਹਦੀ ਕਸਰ ਮੋਦੀ ਨੇ ਜੀ.ਐਸ.ਟੀ ਲਗਾ ਕੇ ਦੁਕਾਨਦਾਰਾਂ ਨੂੰ ਮਾਂਜ ਦਿਤਾ ਹੈ। ਤੁਸੀ ਦੁਕਾਨਦਾਰਾਂ ਵਾਸਤੇ ਹੋਰ ਕੁੱਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਦੁਕਾਨ ਦੀ ਯੂਨਿਟ ਦਾ ਰੇਟ ਘਰਾਂ ਦੇ ਬਰਾਬਰ ਤਾਂ ਕਰ ਦਿਉ। ਉਹ ਵਿਚਾਰੇ ਕਰਜ਼ਾ ਮਾਫ਼ੀ ਦੀ ਉਡੀਕ ਵਿਚ ਡਬਲ-ਡਬਲ ਵਿਆਜ ਭਰ ਚੁਕੇ ਹਨ। ਇਹ ਕਾਣੀ ਵੰਡ ਕਿਉਂ? ਸਾਡੇ ਪੰਜਾਬ ਦੇ ਲੱਖਾਂ ਲੜਕੇ ਲੜਕੀਆਂ ਵਿਚਾਰੇ ਡਿਗਰੀਆਂ ਚੁੱਕੀ ਧੱਕੇ ਖਾ ਰਹੇ ਹਨ। ਰੁਜ਼ਗਾਰ ਮੇਲੇ ਉਨ੍ਹਾਂ ਦੀ ਤਸੱਲੀ ਨਹੀਂ ਕਰਵਾ ਰਹੇ। ਬੱਚੇ ਬੱਚੀਆਂ ਥੋੜੇ-ਥੋੜੇ ਪੈਸਿਆਂ ਉਤੇ ਪ੍ਰਾਈਵੇਟ ਨੌਕਰੀਆਂ ਕਰ ਕੇ ਧੱਕੇ ਖਾ ਰਹੇ ਹਨ, ਜ਼ਲੀਲ ਵੀ ਹੋ ਰਹੇ ਹਨ।

ਉਨ੍ਹਾਂ ਦੀਆਂ ਮਹਿੰਗੀਆਂ ਪੜ੍ਹਾਈਆਂ ਉਤੇ ਪੈਸੇ ਖ਼ਰਚ ਕਰ ਕੇ ਮਾਂ-ਬਾਪ ਕਰਜ਼ਈ ਹੋ ਗਏ। ਧਰਤੀ ਦੇ ਪਾਣੀ ਡੂੰਘੇ ਜਾਣ ਦਾ ਸਰਕਾਰਾਂ ਨੂੰ ਫ਼ਿਕਰ ਨਹੀਂ। ਅਸੀ ਸਮੇਂ ਸਿਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਵਾਲਿਆਂ ਨੂੰ ਤੇ ਇਸ ਸਬੰਧ ਵਿਚ ਹੋਏ ਗੋਲੀ ਕਾਂਡਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਵਾ ਸਕੇ। ਜਿਸ ਕੈਪਟਨ ਅਮਰਿੰਦਰ ਸਿੰਘ ਦੇ ਵਡਾਰੂਆਂ ਉਤੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਗੁਰੂ ਦਾ ਥਾਪੜਾ ਹੋਵੇ, ਉਹ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਸੁਸਤ ਕਿਉਂ ਹੋ ਗਏ?

-ਭੁਪਿੰਦਰ ਸਿੰਘ ਬਾਠ, ਸੰਪਰਕ : 94176-82002

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।