ਅਕਾਲੀ ਦਲ ਨੂੰ ਨਹੀਂ ਰਿਹਾ ਬਾਦਲਾਂ ਦੀ ਨੂੰਹ 'ਤੇ ਵਿਸ਼ਵਾਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

: ਸੂਬੇ ਵਿਚ ਚੱਲ ਰਹੀਆਂ ਅਕਾਲੀ ਵਿਰੋਧੀ ਹਵਾਵਾਂ ਨੇ ਅਕਾਲੀ ਦਲ ਦੇ ਕਿਲ੍ਹੇ ਨੂੰ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ....

Harsimrat Kaur Badal

ਚੰਡੀਗੜ੍ਹ (ਸ.ਸ.ਸ) :  ਸੂਬੇ ਵਿਚ ਚੱਲ ਰਹੀਆਂ ਅਕਾਲੀ ਵਿਰੋਧੀ ਹਵਾਵਾਂ ਨੇ ਅਕਾਲੀ ਦਲ ਦੇ ਕਿਲ੍ਹੇ ਨੂੰ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਹੌਲੀ ਹੌਲੀ ਕਰ ਅਕਾਲੀਆਂ ਦੇ ਕਈ ਥੰਮ੍ਹ ਡਿੱਗੇ ਰਹੇ ਹਨ। ਭਾਵੇਂ ਅਕਾਲੀ ਦਲ ਆਪਣੀ ਸਾਖ ਬਚਾਉਣ ਲਈ ਕਈ ਤਰ੍ਹਾਂ ਦੇ ਪੈਂਤੜੇ ਖੇਡ ਰਿਹਾ ਹੈ ਪਰ ਫਿਰ ਵੀ ਸੰਕਟ ਦੇ ਬੱਦਲ ਹਵਾ ਨਹੀਂ ਹੋ ਰਹੇ। ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਇਸ ਵਾਰ ਨੂੰਹ ਦੀ ਜਗ੍ਹਾ 'ਤੇ ਸਹੁਰਾ ਸਾਹਿਬ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਹੋਣਗੇ।

 

ਅਕਾਲੀ ਦਲ ਦੇ ਸਿਆਸੀ ਕਿਲ੍ਹੇ ਨੂੰ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਵੱਡਾ ਦਾਅ ਖੇਡ ਸਕਦੇ ਹਨ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਜਗ੍ਹਾ 'ਤੇ ਖੁਦ ਉਮੀਦਵਾਰ ਬਣ ਸਕਦੇ ਹਨ। ਅਕਾਲੀ ਦਲ ਦੇ ਸੂਤਰਾਂ ਨੂੰ ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਆਪਣੀ ਕਿਸਮਤ ਅਜਮਾ ਸਕਦੀ ਹੈ। ਚਰਚਾ ਇਹ ਵੀ ਹੈ ਕਿ ਇਸ ਵਾਰ ਬਠਿੰਡਾ ਲੋਕ ਸਭਾ ਤੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।

ਸੂਤਰਾਂ ਮੁਤਾਬਿਕ ਕੈਪਟਨ ਪਰਿਵਾਰ ਵੱਲੋਂ ਬੇਸ਼ੱਕ ਰਣਇੰਦਰ ਸਿੰਘ ਨੂੰ ਇਸ ਹਲਕੇ ਤੋਂ ਮੁੜ ਉਮੀਦਵਾਰ ਬਣਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਪਰ ਉਨ੍ਹਾਂ ਦੇ ਦੋਹਤੇ ਤੇ ਅਦਲੀ ਪੀੜੀ ਦੇ ਵਾਰਸ ਨਿਰਵਾਣ ਸਿੰਘ ਦਾ ਨਾਮ ਵੀ ਤੇਜ਼ੀ ਨਾਲ ਉਭਰ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਬਠਿੰਡਾ ਲੋਕ ਸਭਾ ਲਈ ਸਾਹਮਣੇ ਆਉਣ ਤੋਂ ਲਗਦਾ ਹੈ ਕਿ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੀ ਨੂੰਹ 'ਤੇ ਵਿਸ਼ਵਾਸ ਨਹੀਂ ਹੈ ਅਤੇ ਸ਼ਾਇਦ ਉਹ ਕਿਸੇ ਹੋਰ ਦੇ ਹੱਥ ਇਹ ਹਲਕਾ ਛੱਡਣਾ ਨਹੀਂ ਚਾਹੁੰਦੇ।

ਖੈਰ ਸਾਲ 1977 'ਚ ਕੇਂਦਰ ਦੀ ਮੋਰਾਰਜੀ ਦੇਸਾਈ ਦੀ ਸਰਕਾਰ ਵਿਚ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਵਰਗਾ ਵਿਭਾਗ ਛੱਡ ਪੰਜਾਬ ਵਾਪਿਸ ਆਉਣ 'ਤੇ ਇਹ ਸਪਸ਼ਟ ਹੋ ਗਿਆ ਸੀ ਕਿ ਅਕਾਲੀ ਦਲ ਦੇ ਬਾਬਾ ਬੋਹੜ ਕੇਂਦਰੀ ਸਿਆਸਤ ਵਿਚ ਪੈਰ ਰੱਖਣ ਤੋਂ ਡਰਦੇ ਹਨ। ਪਰ ਹੁਣ ਇਹ ਨਵੀ ਰਣਨੀਤੀ ਨਾਲ ਅਕਾਲੀ ਦਲ ਨੂੰ ਕਿੰਨਾ ਕੁ ਲਾਭ ਹੁੰਦਾ ਹੈ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।