ਆਲਮੀ ਮਰਦ ਦਿਹਾੜੇ ‘ਤੇ ਕੁਰਦਿਸ਼ ਲੜਕੀ ਵੱਲੋਂ ਰਵੀ ਸਿੰਘ ਨੂੰ ਲਿਖਿਆ ਗਿਆ ਖੂਬਸੂਰਤ ਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਦਿਨ ਪਹਿਲਾਂ ਦੁਨੀਆਂ ਭਰ ਵਿਚ ਅੰਤਰਰਾਸ਼ਟਰੀ ਮਰਦ ਦਿਹਾੜਾ ਮਨਾਇਆ ਗਿਆ।

Beautiful letter written by Kurdish girl to Ravi Singh

ਦੋ ਦਿਨ ਪਹਿਲਾਂ ਦੁਨੀਆਂ ਭਰ ਵਿਚ ਅੰਤਰਰਾਸ਼ਟਰੀ ਮਰਦ ਦਿਹਾੜਾ ਮਨਾਇਆ ਗਿਆ। ਇਸ ਮੌਕੇ ਖਾਲਸਾ ਏਡ ਨਾਲ ਸੇਵਾ ਕਰਦੀ ਇਕ ਕੁਰਦ ਮੁਟਿਆਰ ਸੁਜਾਨ ਫਾਹਮੀ ਨੇ ਆਲਮੀ ਮਰਦ ਦਿਹਾੜੇ ਨੂੰ ਰਵੀ ਸਿੰਘ ਅਤੇ ਖ਼ਾਸਲਾ ਏਡ ਨੂੰ ਸਮਰਪਿਤ ਕਰਦਿਆਂ ਕੁੱਝ ਦਿਲ ਦੇ ਬੋਲ ਸਾਂਝੇ ਕੀਤੇ। ਇਹਨਾਂ ਬੋਲਾਂ ਨੂੰ ਰਵੀ ਸਿੰਘ ਵੱਲੋਂ ਅਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਗਿਆ। ਇਸ ਦੇ ਨਾਲ ਹੀ ਰਵੀ ਸਿੰਘ ਨੇ ਇਹਨਾਂ ਬੋਲਾਂ ਦੇ ਪੰਜਾਬੀ ਅਨੁਵਾਦ ਨੂੰ ਵੀ ਅਪਣੇ ਪੇਜ ‘ਤੇ ਸ਼ੇਅਰ ਕੀਤਾ।

ਪੜ੍ਹੋ ਸੁਜਾਨ ਫਾਹਮੀ ਵੱਲੋਂ ਰਵੀ ਸਿੰਘ ਲ਼ਈ ਲਿਖੇ ਖ਼ੂਬਸੂਰਤ ਬੋਲ-

"ਕਹਿੰਦੇ ਨੇ ਕੁਰਦਾਂ ਦੇ ਕੋਲ ਦੋਸਤ ਨਹੀਂ ਸਿਰਫ਼ ਪਹਾੜ ਨੇ ਪਰ ਗਲਤ ਕਹਿੰਦੇ ਨੇ, ਕੁਰਦਾਂ ਕੋਲ ਰਵੀ ਸਿੰਘ ਹੈ, ਪਹਾੜਾਂ ਤੋਂ ਵੀ ਵੱਡਾ ਰਵੀ ਸਿੰਘ।

ਮਨੁੱਖਤਾ ਦੀ ਅਸਲੀ ਪਰਿਭਾਸ਼ਾ ਰਵੀ ਸਿੰਘ ਹੈ : ਕੋਈ ਹੱਦ ਸਰਹੱਦ ਨਹੀਂ, ਕੋਈ ਨਸਲ ਕੌਮ ਦਾ ਵਖਰੇਵਾਂ ਨਹੀਂ। ਕੋਈ ਤਬਾਹੀ ਨਿੱਕੀ ਨਹੀਂ ਹੁੰਦੀ ਹੈ ਤੇ ਕੋਈ ਬੰਦਾ ਇੰਨਾ ਵੱਡਾ ਨਹੀਂ ਹੁੰਦਾ।

ਜਦੋਂ ਹਾਲਾਤ ਇੰਨੇ ਬਦਤਰ ਹੋ ਗਏ ਕਿ ਲੋਕ ਉਥੋਂ ਵਾਪਸ ਨਿਕਲ ਆਏ ਸਨ ਤਾਂ ਰਵੀ ਸਿੰਘ ਵੱਡਾ ਦਿਲ ਤੇ ਖੁੱਲ੍ਹੇ ਡੁੱਲ੍ਹੇ ਹੱਥ ਲੈ ਕੇ ਉੱਥੇ ਆ ਪਹੁੰਚਿਆ। ਪਿਛਲੇ ਕੁਝ ਹਫਤਿਆਂ 'ਚ ਇਹ ਤਾਂ ਮੈਂ ਅੱਖੀਂ ਵੇਖਿਆ ਕਿ ਉਹ ਕਿਵੇਂ ਰਾਜੋਨਾ (ਕੁਰਦਸਤਾਨ) ਤੋਂ ਉੱਜੜੇ ਹਜ਼ਾਰਾਂ ਕੁਰਦ ਸ਼ਰਨਾਰਥੀਆਂ ਦੀ ਹਰ ਲੋੜ ਪੂਰੀ ਕਰ ਰਿਹਾ ਹੈ।

ਕੁਰਦ ਲੋਕ ਜਾਣਦੇ ਨੇ ਕਿ ਰਵੀ ਸਿੰਘ ਕਦੋਂ ਤੇ ਕਿਵੇਂ ਬਹੁੜਿਆ ਜਦੋਂ ਬਹੁਤੇ ਭੱਜ ਗਏ ਸੀ। ਰਵੀ ਸਿੰਘ ਮੇਰੇ ਮਨ ਮਸਤਕ ਨੂੰ ਜਗਾਉਣ ਵਾਲਾ ਸਿਰਫ਼ ਮੇਰਾ ਵੱਡਾ ਭਰਾ ਹੀ ਨਹੀਂ ਜੋ ਆਪਣੀ ਛੋਟੀ ਭੈਣ ਲਈ ਕੁੱਝ ਵੀ ਕਰ ਸਕਦਾ ਹੈ ਸਗੋਂ ਉਹ ਮੇਰਾ ਰਾਹ ਦਸੇਰਾ ਹੈ, ਜਿਸ ਨੇ ਮੈਨੂੰ ਜਿਊਣ ਦਾ ਰਾਹ ਦੱਸਿਆ।

ਮੈਂ ਕੁਰਦ ਹਾ, ਮਾਣਮੱਤੀ ਕੁਰਦ ਜਨਾਨੀ, ਜੋ ਆਪਣੀ ਧਰਤੀ ‘ਤੇ ਕੁਰਦਾਂ ਖ਼ਿਲਾਫ਼ ਹੋ ਰਹੇ ਜ਼ੁਲਮਾਂ ਬਾਰੇ ਦੱਸਣ ਤੇ ਮਦਦ ਦੇ ਕੰਮ ਲੱਗੀ ਹਾਂ। ਜਦੋਂ ਤਕੜਿਆਂ ਖਿਲਾਫ਼ ਜੁਲਮ ਦੀਆਂ ਵਾਰਦਾਤਾਂ ਹੋਈਆਂ ਤਾਂ ਉਨ੍ਹਾਂ ਸਿਰ ਝੁਕਾ ਲਏ। ਰਵੀ ਸਿੰਘ ਮਾੜੀ ਸਿਹਤ ਦੇ ਬਾਵਜੂਦ ਤਕੜੇ ਦਿਲ ਨਾਲ ਕੰਮ ‘ਤੇ ਲੱਗਾ ਹੋਇਆ ਹੈ। ਤਾਜ਼ਾ ਪਾਣੀ ਚਾਹੀਦਾ ਸੀ, ਦਿੱਤਾ। ਰੋਟੀ ਚਾਹੀਦੀ ਸੀ, ਦਿੱਤੀ। ਬੀਬੀਆਂ ਦੀਆਂ ਲੁਕਵੀਆਂ ਲੋੜਾਂ ਦਾ ਸਾਮਾਨ ਚਾਹੀਦਾ ਸੀ, ਦਿੱਤਾ। ਖਾਣ ਪੀਣ ਲਈ ਹਰ ਸ਼ੈਅ ਦਿਤੀ ਤੇ ਫਿਰ ਪੁੱਛਦਾ ਹੋਰ ਕੀ ਕਰ ਸਕਦੇ ਆਂ?

ਉਹ ਖਾਲਸਾ ਹੈ ਤੇ ਮੈਂ ਵੀ ਖਾਲਸਾ ਹਾਂ !"

ਸੁਜਾਨ ਫਾਹਮੀ
(ਖਾਲਸਾ ਏਡ ਨਾਲ ਸੇਵਾ ਕਰਦੀ ਕੁਰਦ ਮੁਟਿਆਰ)