...ਜਦੋਂ ਸੁਰਿੰਦਰ ਬਾਦਲ ਨੇ 84 ਪੀੜਤ ਸੁਰਜੀਤ ਕੌਰ ਨੂੰ ਦਿਤੀ ਸੀ ਸਭ ਕੁੱਝ ਭੁੱਲਣ ਦੀ ਸਲਾਹ
1984 ਸਿੱਖ ਕਤਲੇਆਮ ‘ਚ ਪੀੜਤਾ ਬੀਬੀ ਸੁਰਜੀਤ ਕੌਰ ਨੇ ਸਪੋਕਸਮੈਨ ਟੀਵੀ ਨੂੰ ਦਿਤੇ ਇੰਟਰਵਿਊ ਵਿਚ ਅਪਣਾ ਦਰਦ ਸਾਂਝਾ...
ਚੰਡੀਗੜ੍ਹ (ਸਸਸ) : 1984 ਸਿੱਖ ਕਤਲੇਆਮ ‘ਚ ਪੀੜਤਾ ਬੀਬੀ ਸੁਰਜੀਤ ਕੌਰ ਨੇ ਸਪੋਕਸਮੈਨ ਟੀਵੀ ਨੂੰ ਦਿਤੇ ਇੰਟਰਵਿਊ ਵਿਚ ਅਪਣਾ ਦਰਦ ਸਾਂਝਾ ਕੀਤਾ ਅਤੇ ਅਪਣੇ ਉਤੇ ਹੋਏ ’84 ਦੇ ਜ਼ੁਲਮਾਂ ਨੂੰ ਅਪਣੇ ਲਫ਼ਜ਼ਾਂ ਵਿਚ ਬਿਆਨ ਕੀਤਾ। ਬੀਬੀ ਸੁਰਜੀਤ ਕੌਰ ਨੇ ਦੱਸਿਆ ਕਿ ਉਹ ’84 ਦੇ ਕਤਲੇਆਮ ਵੇਲੇ ਬੁਕਾਰੋ ਧਨਵਾਰ ਵਿਚ ਰਹਿੰਦੇ ਸਨ। ਉਸ ਸਮੇਂ ਉਨ੍ਹਾਂ ਦੀ ਉਮਰ ਲਗਭੱਗ 19 ਸਾਲ ਸੀ ਅਤੇ ਉਨ੍ਹਾਂ ਦੇ 2 ਬੱਚੇ ਸਨ। ਉਨ੍ਹਾਂ ਨੇ ਦੱਸਿਆ ਸਿੱਖ ਕਤਲੇਆਮ ਦੇ ਦੌਰਾਨ ਇਕ ਰਾਤ ਉਨ੍ਹਾਂ ਦੇ ਪਤੀ ਰਾਤ ਨੂੰ ਦੁਕਾਨ ਦਾ ਸਮਾਨ ਲੈਣ ਘਰ ਤੋਂ ਕਿਤੇ ਬਾਹਰ ਗਏ ਪਰ ਅੱਜ ਤੱਕ ਵਾਪਸ ਨਹੀਂ ਆਏ।
ਇਸ ਤੋਂ ਬਾਅਦ ਉਹ ਇਕ ਜੰਗਲ ਵਿਚ ਜਾ ਕੇ ਰੁੱਕੇ ਜਿੱਥੇ ਹੋਰ ਸਿੱਖ ਪਰਵਾਰ ਅਪਣੇ ਬਚਾਅ ਲਈ ਰੁੱਕੇ ਸਨ। ਅਗਲੀ ਸਵੇਰ ਫ਼ੌਜ ਵਲੋਂ ਸਿੱਖ ਪਰਵਾਰਾਂ ਦੇ ਬਚਾਅ ਲਈ ਗੁਰਦੁਆਰਿਆਂ ਵਿਚ ਸ਼ਿਫ਼ਟ ਕੀਤਾ ਗਿਆ ਅਤੇ ਉਸ ਸਮੇਂ ਗੁਰਦੁਆਰਿਆਂ ਦੀ ਹਾਲਤ ਵੀ ਬਹੁਤ ਖ਼ਰਾਬ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਜਿਸ ਟਰੇਨ ਵਿਚ ਉਸ ਰਾਤ ਸਫ਼ਰ ਕਰ ਰਹੇ ਸਨ ਉਸ ਟਰੇਨ ਵਿਚੋਂ ਸਿੱਖਾਂ ਦਾ ਕਤਲ ਕਰ ਕੇ ਚਲਦੀ ਟਰੇਨ ਵਿਚੋਂ ਬਾਹਰ ਸੁੱਟਿਆ ਜਾ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ 1986 ਵਿਚ ਉਹ ਚੰਡੀਗੜ੍ਹ ਵਿਚ ਆ ਗਏ ਅਤੇ ਇੱਥੇ ਉਨ੍ਹਾਂ ਨੇ ਇਕ ਫੈਕਟਰੀ ਵਿਚ ਨੌਕਰੀ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਵਲੋਂ ਮਦਦ ਲਈ ਇਕ ਚਿੱਠੀ ਐਸਜੀਪੀਸੀ ਨੂੰ ਲਿਖੀ ਗਈ ਜਿਸ ਦਾ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਇਆ। 2007 ਵਿਚ ਸੁਰਜੀਤ ਕੌਰ ਬਾਦਲਾਂ ਦੇ ਘਰ ਚੰਡੀਗੜ੍ਹ ਗਏ ਜਿੱਥੇ ਬਾਦਲ ਪਰਵਾਰ ਨੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਉਨ੍ਹਾਂ ਨੂੰ ਬੀਬੀ ਸੁਰਿੰਦਰ ਕੌਰ ਨੇ ਕਿਹਾ “25 ਸਾਲ ਬੀਤ ਗਏ, ਤੂੰ ਵੀ ਭੁੱਲ ਜਾ ਬੀਬੀ” ਅਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਆਉਣਾ ਪਿਆ।
ਗੱਲਬਾਤ ਦੌਰਾਨ ਬੀਬੀ ਸੁਰਜੀਤ ਕੌਰ ਨੇ ਸਮੂਹ ਸਿੱਖ ਕੌਮ ਨੂੰ ਸੁਨੇਹਾ ਦਿਤਾ ਹੈ ਜਾਤ ਪਾਤ ਦੇ ਵਿਤਕਰੇ ਨੂੰ ਭੁਲਾ ਕੇ ਅਮਨ ਸ਼ਾਂਤੀ ਨਾਲ ਉਨ੍ਹਾਂ ਪਰਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਸੱਚਮੁੱਚ ਵਿਚ ਪੀੜਤ ਹਨ।