ਹੁਣ ਸਰਕਾਰੀ ਸਕੂਲ ਬਣਨਗੇ ਸਮਾਰਟ ਸਕੂਲ

ਏਜੰਸੀ

ਖ਼ਬਰਾਂ, ਪੰਜਾਬ

530 ਸਕੂਲ ਸਮਾਰਟ ਸਕੂਲਾਂ ਦੀ ਸ਼੍ਰੇਣੀ 'ਚ 

File Photo

ਲੁਧਿਆਣਾ-ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਜਲਦੀ ਹੀ 'ਸਮਾਰਟ ਸਕੂਲ' ਬਣ ਜਾਣਗੇ। ਇਸ ਦੇ ਲਈ ਆਖਰੀ ਤਰੀਕ 31 ਮਾਰਚ, 2020 ਨਿਰਧਾਰਿਤ ਕੀਤੀ ਗਈ ਹੈ। ਇਸ ਸਬੰਧੀ ਸਕੂਲਾਂ ਵਲੋਂ ਐੱਨ. ਆਰ. ਆਈਜ਼, ਐੱਨ. ਜੀ. ਓਜ਼ ਅਤੇ ਕਾਰੋਬਾਰੀਆਂ ਦੀ ਮਦਦ ਵੀ ਲਈ ਜਾਵੇਗੀ। 

ਲੁਧਿਆਣਾ 'ਚ 1527 ਸਰਕਾਰੀ ਸਕੂਲ ਹਨ, ਜਿਨ੍ਹਾਂ 'ਚੋਂ 530 ਸਮਾਰਟ ਸਕੂਲਾਂ ਦੀ ਸ਼੍ਰੇਣੀ 'ਚ ਆ ਚੁੱਕੇ ਹਨ। ਜ਼ਿਲ੍ਹੇ ਸਿੱਖਿਆ ਅਫਸਰ (ਸੈਕੰਡਰੀ) ਸਵਰਨਜੀਤ ਕੌਰ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ 'ਚ ਤਬਦੀਲ ਕਰਨ ਦੀ ਤਿਆਰੀ ਕਰ ਲਈ ਗਈ ਹੈ ਅਤੇ ਸਕੂਲਾਂ ਦੇ ਮੁਖੀ ਆਪਣੇ ਪੱਧਰ 'ਤੇ ਪਹਿਲ ਕਰ ਰਹੇ ਹਨ। 

ਸਵਰਨਜੀਤ ਕੌਰ ਨੇ ਕਿਹਾ ਕਿ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਸੀ. ਆਈ. ਆਈ. ਵਰਗੀਆਂ ਸੰਸਥਾਵਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਵੀ ਸਕੂਲਾਂ ਨੂੰ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਕਲੱਸਟਰ ਮੁਖੀਆ ਨਾਲ ਇਸ ਸਬੰਧੀ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਜਾਨਣ ਲਈ ਬਕਾਇਦਾ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। '

ਸਮਾਰਟ ਸਕੂਲਾਂ' 'ਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਚ ਐੱਲ. ਈ. ਡੀ. ਸਕਰੀਨਾਂ, ਪ੍ਰਾਜੈਕਟਰ ਅਤੇ ਕਲਾਸਰੂਮ, ਵਿਦਿਆਰਥੀਆਂ ਨੂੰ ਸਿਖਾਉਣ ਲਈ ਈ-ਕੰਟੈਂਟ, ਸੀ. ਸੀ. ਟੀ. ਵੀ. ਕੈਮਰੇ, ਸਾਊਂਡ ਅਤੇ ਮਾਈਕ ਸਿਸਟਮ, ਮਿਡ-ਡੇਅ ਮੀਲ ਅਤੇ ਡਾਈਨਿੰਗ ਹਾਲ, ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ ਹਾਲ, ਪੀਣ ਦੇ ਪਾਣੀ ਦੀ ਸਹੂਲਤ, ਸਕੂਲ ਦੀ ਵਰਦੀ, ਬੈਲਟ ਅਤੇ ਸ਼ਨਾਖਤੀ ਕਾਰਡ ਆਦਿ ਸ਼ਾਮਲ ਹਨ। 

ਇਸ ਤੋਂ ਇਲਾਵਾ ਸਮਾਰਟ ਸਕੂਲਾਂ ਦੇ ਮੁੱਖ ਗੇਟ ਦਾ ਅਨੋਖਾ ਡਿਜ਼ਾਇਨ ਤਿਆਰ ਕੀਤਾ ਜਾਵੇਗਾ। ਸਮਾਰਟ ਸਕੂਲ ਕੋ-ਆਰਡੀਨੇਟਰ ਮੰਜੂ ਭਾਰਦਵਾਜ ਦਾ ਕਹਿਣਾ ਹੈ ਕਿ ਜ਼ਿਲ੍ਹੇ 'ਚ 533 ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਹਨ, ਜਿਨ੍ਹਾਂ 'ਚੋਂ 375 ਸਕੂਲਾਂ ਨੇ ਸਮਾਰਟ ਸਕੂਲ ਹੋਣ ਦੇ ਮਾਪਦੰਡਾਂ ਨੂੰ ਪੂਰਾ ਕਰ ਲਿਆ ਹੈ।  ਇਸ ਤੋਂ ਇਲਾਵਾ ਜ਼ਿਲ੍ਹੇ 'ਚ 994 ਸਰਕਾਰੀ ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ 'ਚੋਂ 452 ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ।