ਸਮਝਦਾਰ ਨੂੰ ਇਸ਼ਾਰਾ ਹੀ ਕਾਫੀ...! ਕੈਪਟਨ ਨੇ ਸੁਖਬੀਰ ਵੱਲ ਭੇਜੀ 'ਹਿਟਲਰ' ਦੀ ਜੀਵਨੀ!?

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਨੇ ਹਿਲਟਰ ਦੇ ਹਵਾਲੇ ਨਾਲ ਸੁਖਬੀਰ 'ਤੇ ਕੱਸਿਆ ਤੰਜ

file photo

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ 'ਸਿਆਸੀ ਸ਼ਬਦੀ ਜੰਗ' ਹੁਣ ਇਕ-ਦੂਜੇ 'ਤੇ ਢੁਕਦੇ ਕਿਤਾਬੀ ਹਵਾਲਿਆਂ ਦੇ ਅਦਾਨ-ਪ੍ਰਦਾਨ ਵੱਲ ਵਧਦੀ ਜਾਪ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਬੀਰ ਵੱਲ ਹਿਲਟਰ ਦੀ ਸਵੈ-ਜੀਵਨੀ ਭੇਜ ਕੇ ਇਸ ਦੀ ਸ਼ੁਰੂਆਤ ਕਰ ਦਿਤੀ ਗਈ ਹੈ।

ਮੁੱਖ ਮੰਤਰੀ ਵਲੋਂ ਇਸ ਕਿਤਾਬ ਨਾਲ ਇਕ ਚਿੱਠੀ ਵੀ ਭੇਜੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦੀ ਜੀਵਨੀ ਭੇਜਣਗੇ, ਜਿਸ ਨੂੰ ਪੜ੍ਹ ਕੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਜਦੋਂ ਹਿਟਲਰ ਨੇ 'ਨਾਜ਼ੀ' ਪਾਰਟੀ ਦਾ ਅਹੁਦਾ ਸੰਭਾਲਿਆ ਸੀ ਤਾਂ ਕਿਸ ਤਰ੍ਹਾਂ ਉਹ ਜਰਮਨ ਨੂੰ ਤਬਾਹੀ ਵੱਲ ਲੈ ਗਏ ਸਨ।

ਚਿੱਠੀ 'ਚ ਮੁੱਖ ਮੰਤਰੀ ਨੇ ਹਿਟਲਰ ਵਲੋਂ ਅਹੁਦਾ ਸੰਭਾਲਣ ਬਾਅਦ 60 ਲੱਖ ਯਹੂਦੀਆਂ ਦਾ ਕਤਲ ਕਰਨ ਦਾ ਜ਼ਿਕਰ ਕਰਦਿਆਂ ਸੁਖਬੀਰ ਦੀ  ਸੋਚ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ। ਭਾਵੇਂ ਕੈਪਟਨ ਨੇ ਇਹ ਸਭ ਸੁਖਬੀਰ ਬਾਦਲ ਨੂੰ ਸ਼ੀਸ਼ਾ ਦਿਖਾਉਣ ਦੇ ਮਕਸਦ ਨਾਲ ਕੀਤਾ ਗਿਆ ਹੋਵੇ ਪਰ ਆਉਂਦੇ ਦਿਨਾਂ ਵਿਚ ਕਿਤਾਬੀ ਦਸਤਾਵੇਜ਼ਾਂ ਦੇ ਨਾਲ-ਨਾਲ ਚਿੱਠੀ-ਪੱਤਰ ਜ਼ਰੀਏ ਸਿਆਸੀ ਵਿਰੋਧੀਆਂ 'ਤੇ ਤੰਜ ਕੱਸਣ ਦੀ 'ਹਨੇਰੀ' ਆਉਣ ਦੇ ਸੰਕੇਤ ਮਿਲ ਰਹੇ ਹਨ।

ਹੁਣ ਮੁੱਖ ਮੰਤਰੀ ਵਲੋਂ ਭੇਜੀ ਗਈ ਚਿੱਠੀ ਅਤੇ ਹਿਟਲਰ ਦੀ ਸਵੈ-ਜੀਵਨੀ ਦਾ ਸੁਖਬੀਰ ਬਾਦਲ ਦੀ ਸ਼ਖ਼ਸੀਅਤ 'ਤੇ ਕੋਈ ਚੰਗਾ ਅਸਰ ਹੁੰਦਾ ਹੈ ਜਾਂ ਫਿਰ ਉਹ ਵੀ ਮੁੱਖ ਮੰਤਰੀ ਦੀਆਂ ਸਿਆਸੀ ਕਮੀਆਂ ਗਿਣਾਨ ਲਈ ਕੋਈ ਤੰਜ ਕੱਸਦਾ ਅਜਿਹਾ ਹੀ ਵਿਲੱਖਣ ਤਰੀਕਾ ਅਪਣਾਉਂਦੇ ਹਨ, ਇਹ ਤਾਂ ਆਉਂਦੇ ਦਿਨਾਂ 'ਚ ਹੀ ਪਤਾ ਲੱਗੇਗਾ, ਪਰ ਸਿਆਸੀ ਗਲਿਆਰਿਆਂ ਦੀ ਸਮਝ ਰੱਖਣ ਵਾਲਿਆਂ ਅਨੁਸਾਰ ਇਸ ਨਵੇਂ ਤਰੀਕੇ ਦੀ 'ਸਿਆਸੀ ਜੰਗ' ਦੇ ਦਿਲਚਸਪ ਹੋਣ ਦੇ ਅਸਾਰ ਵੀ ਨਜ਼ਰ ਆ ਰਹੇ ਹਨ।