10ਵੀਂ ਦੀ ਪ੍ਰੀਖਿਆ 'ਚ ਹੋਰਾਂ ਦੀ ਥਾਂ ਪੇਪਰ ਦਿੰਦੇ 4 ਕਾਬੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰੀਖਿਆ ਨਾਲ ਸਬੰਧਤ ਹੋਰ ਗ਼ੈਰ-ਸਮਾਜੀ ਕਾਰਵਾਈਆਂ ਦੇ 9 ਮਾਮਲੇ ਫ਼ੜੇ

Cheating

ਐਸ.ਏ.ਐਸ. ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਸ਼ੁੱਕਰਵਾਰ ਨੂੰ ਮੈਟ੍ਰਿਕ ਦੀ ਗਣਿਤ ਦੀ ਪ੍ਰੀਖਿਆ ਦੇ ਦਿਨ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜ਼ਿਲ੍ਹਿਆਂ ਦੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਪ੍ਰਬੰਧਾਂ ਤੇ ਹੋਰ ਸਬੰਧਤ ਗਤੀਵਿਧੀਆਂ ਦੀ ਆਪ ਸਮੀਖਿਆ ਕੀਤੀ। ਪ੍ਰੀਖਿਆ ਦੌਰਾਨ ਸੂਬੇ ਭਰ 'ਚ ਨਕਲ ਅਤੇ ਪ੍ਰੀਖਿਆ ਨਾਲ ਸਬੰਧਤ ਹੋਰ ਗ਼ੈਰ-ਸਮਾਜੀ ਕਾਰਵਾਈਆਂ ਦੇ 9 ਮਾਮਲੇ ਫ਼ੜੇ ਗਏ। ਇਨ੍ਹਾਂ ਵਿੱਚੋਂ ਤਰਨਤਾਰਨ ਦੇ ਇੱਕ ਕੇਂਦਰ ਵਿੱਚ 4 ਪ੍ਰੀਖਿਆਰਥੀ ਹੋਰ ਦੀ ਥਾਂ ਪੇਪਰ ਦਿੰਦੇ ਕਾਬੂ ਕੀਤੇ ਗਏ।

ਜਾਣਕਾਰੀ ਅਨੁਸਾਰ ਕਲੋਹੀਆ ਨੇ ਸਵੇਰ ਅਬੋਹਰ ਦੇ ਟੈਂਡਰ ਹਾਰਟ ਪਬਲਿਕ ਸਕੂਲ ਅਤੇ ਮੁੰਡਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋਹਾਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ। ਇਨ੍ਹਾਂ ਕੇਂਦਰਾਂ ਵਿੱਚ ਕੁੱਲ 247 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ। ਫ਼ਾਜ਼ਿਲਕਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਅਬੋਹਰ ਦੇ ਨਿਊ ਲਾਈਟ ਪਬਲਿਕ ਸਕੂਲ ਦੇ ਪ੍ਰੀਖਿਆ ਕੇਂਦਰਾਂ ਵਿੱਚੋਂ ਨਕਲ ਦੇ 2 ਕੇਸ ਫ਼ੜੇ ਗਏ। ਜ਼ਿਲ੍ਹਾ ਤਰਨਤਾਰਨ ਦੇ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਭਿਖੀਵਿੰਡ ਵਿੱਚ ਚਾਰ ਪ੍ਰੀਖਿਆਰਥੀ ਹੋਰ ਦੀ ਥਾਂ ਪੇਪਰ ਦਿੰਦੇ ਫ਼ੜੇ ਗਏ।

ਮਗਰੋਂ ਬੋਰਡ ਦੇ ਚੇਅਰਮੈਨ ਨੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਮਲੋਟ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਫ਼ੇਰੀ ਪਾਈ ਜਿੱਥੇ 260 ਤੋਂ ਵੱਧ ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ। ਮਲੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਥਿਤ ਮਾਰਕਿੰਗ ਕੇਂਦਰ ਵਿੱਚ ਵੀ ਸ਼੍ਰੀ ਕਲੋਹੀਆ ਨੇ ਉਚੇਚੇ ਤੌਰ 'ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਉਣਤਾਈਆਂ ਦੂਰ ਕਰਨ ਲਈ ਫ਼ੌਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਇੱਕ ਪ੍ਰੀਖਿਆ ਕੇਂਦਰ ਵਿੱਚ ਡਿਊਟੀ ਤੋਂ ਟਲੇ ਸਕੂਲ ਪ੍ਰਿੰਸੀਪਲ ਨੂੰ ਫ਼ੌਰੀ ਤੌਰ 'ਤੇ ਹਾਜ਼ਰ ਹੋਣ ਦੇ ਹੁਕਮ ਕੀਤੇ।

ਗਿੱਦੜਬਾਹਾ ਸਥਿਤ ਨਵਯੁੱਗ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਅਤੇ ਐੱਨਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਬਠਿੰਡਾ ਦੇ 221 ਪ੍ਰੀਖਿਆਰਥੀ ਵੀ ਸ਼ਾਂਤ ਮਾਹੌਲ ਵਿੱਚ ਪ੍ਰੀਖਿਆ ਦਿੰਦੇ ਮਿਲੇ। ਇਸੇ ਦੌਰਾਨ ਭੁੱਚੋ ਕਲਾਂ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਪ੍ਰੀਖਿਆਰਥੀਆਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਵਿੱਚ ਇੱਕ ਤੇ ਤਲਵੰਡੀ ਰਾਮਾਂ ਵਿਖੇ ਦੋ ਨਕਲ ਦੇ ਕੇਸ ਫ਼ੜੇ ਗਏ।