ਵਿਦਿਆਰਥੀਆਂ ਨੂੰ ਨਕਲ ਤੋਂ ਰੋਕਣ ਲਈ ਇੰਟਰਨੈਟ ਬੰਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ 'ਚ ਜਿਥੇ ਪ੍ਰੀਖਿਆਵਾਂ ਵਿਚ ਨਕਲ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਉਥੇ ਹੀ ਇਕ ਦੇਸ਼ ਅਜਿਹਾ ਵੀ ਹੈ ਜਿਸ ਨੇ ਵਿਦਿਆਰਥੀਆਂ ਨੂੰ ....

Study

ਅਲਜ਼ੀਅਰ : ਭਾਰਤ 'ਚ ਜਿਥੇ ਪ੍ਰੀਖਿਆਵਾਂ ਵਿਚ ਨਕਲ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਉਥੇ ਹੀ ਇਕ ਦੇਸ਼ ਅਜਿਹਾ ਵੀ ਹੈ ਜਿਸ ਨੇ ਵਿਦਿਆਰਥੀਆਂ ਨੂੰ ਨਕਲ ਤੋਂ ਰੋਕਣ ਲਈ ਇੰਟਰਨੈਟ ਹੀ ਬੰਦ ਕਰ ਦਿਤਾ। ਅਲਜੀਰੀਆ 'ਚ ਬੁਧਵਾਰ ਨੂੰ ਹਾਈ ਸਕੂਲ ਡਿਪਲੋਮਾ ਪੇਪਰ ਸ਼ੁਰੂ ਹੋਏ ਹਨ ਅਤੇ ਪਹਿਲੇ ਹੀ ਦਿਨ ਨਕਲ ਨੂੰ ਰੋਕਣ ਲਈ ਇੰਟਰਨੈਟ ਬਲੈਕਆਉਟ ਕਰ ਦਿਤਾ ਗਿਆ ਹੈ। ਕੁਲ ਦੋ ਘੰਟੇ ਲਈ ਪੂਰੇ ਦੇਸ਼ 'ਚ ਮੋਬਾਈਲ ਅਤੇ ਫਿਕਸਡ ਇੰਟਰਨੈਟ ਠੱਪ ਰਿਹਾ।

ਅਲਜ਼ੀਰੀ ਟੈਲੀਕਾਮ ਨੇ ਦਸਿਆ ਕਿ ਸਰਕਾਰ ਦੇ ਆਦੇਸ਼ਾਂ ਦੇ ਮੁਤਾਬਕ ਇੰਟਰਨੈਟ ਸੇਵਾ ਰੋਕ ਦਿਤੀ ਗਈ ਸੀ ਤਾਂ ਕਿ ਹਾਈ ਸਕੂਲ ਡਿਪਲੋਮਾ ਟੈਸਟ ਬਿਨਾਂ ਰੁਕਾਵਟ ਦੇ ਪੂਰੇ ਹੋ ਸਕਣ। ਹੁਣ ਜਦੋਂ ਤਕ ਇਹ ਪ੍ਰੀਖਿਆਵਾਂ ਚਲਣਗੀਆਂ ਉਦੋਂ ਤਕ 7 ਲੱਖ ਵਿਦਿਆਰਥੀਆਂ ਨੂੰ ਨਕਲ ਤੋਂ ਰੋਕਣ ਲਈ ਇੰਟਰਨੈਟ ਬਲੈਕਆਉਟ ਜਾਰੀ ਰਹੇਗਾ। ਸੋਮਵਾਰ ਤਕ ਇਹ ਪ੍ਰੀਖਿਆਵਾਂ ਚਲਣਗੀਆਂ। ਟੈਲੀਕਾਮ ਐਸੋਸੀਏਸ਼ਨ ਏ.ਓ.ਟੀ.ਏ. ਦੇ ਪ੍ਰਮੁੱਖ ਅਲੀ ਕਹਿਲਾਣ ਦੇ ਮੁਤਾਬਕ ਆਪਰੇਟਰ ਲਈ ਸਰਕਾਰ ਦੀਆਂ ਮੰਗਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ।

ਸਾਲ 2016 ਵਿਚ ਹੋਏ ਪ੍ਰੀਖਿਆਵਾਂ ਦੇ ਦੌਰਾਨ ਵੱਡੇ ਪੈਮਾਨੇ ਉਤੇ ਨਕਲ ਹੋਈ ਸੀ। ਇਸ ਦੌਰਾਨ ਪ੍ਰੀਖਿਆ 'ਚ ਪੁੱਛੇ ਗਏ ਸਵਾਲ ਪ੍ਰੀਖਿਆ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਉਤੇ ਪੋਸਟ ਕਰ ਦਿਤੇ ਗਏ ਸਨ। ਗੁਜ਼ਰੇ ਸਾਲ ਪ੍ਰਸ਼ਾਸਨ ਨੇ ਆਪ੍ਰੇਟਰਸ ਤੋਂ ਸੋਸ਼ਲ ਮੀਡੀਆ ਐਕਸੈਸ ਨੂੰ ਸੀਮਤ ਕਰਨ ਦਾ ਆਦੇਸ਼ ਦਿਤਾ ਪਰ ਇਸ ਤੋਂ ਸਮੱਸਿਆ ਦਾ ਹੱਲ ਨਹੀਂ ਹੋਇਆ। ਇੰਟਰਨੈਟ ਐਕਸੈਸ ਵਾਲੇ ਇਲੈਕਟ੍ਰਾਨਿਕ ਸਾਮਾਨ ਜਿਵੇਂ ਮੋਬਾਈਲ ਅਤੇ ਟੈਬਲੇਟਸ ਨੂੰ ਇਸ ਸਾਲ ਅਲਜ਼ੀਰੀਆ ਦੇ 2000 ਪ੍ਰੀਖਿਆ ਸੈਂਟਰਸ ਉਤੇ ਬੈਨ ਕਰ ਦਿਤਾ ਗਿਆ ਹੈ। (ਪੀਟੀਆਈ)