ਖਹਿਰਾ, ਸੰਦੋਆ ਤੇ ਮਾਨਸ਼ਾਹੀਆ ਦੇ ਅਸਤੀਫ਼ਿਆਂ ’ਤੇ ਫ਼ੈਸਲਾ ਕੁਝ ਦਿਨਾਂ ਲਈ ਟਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਨਤੀਜੇ ਆਉਣ ਮਗਰੋਂ ਹੋਵੇਗਾ ਫ਼ੈਸਲਾ

Sukhpal Singh Khaira

ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਪਾਸਾ ਵੱਟ ਚੁੱਕੇ ਸੁਖਪਾਲ ਸਿੰਘ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਦਾ ਵਿਧਾਇਕ ਅਹੁਦਿਆਂ ਤੋਂ ਅਸਤੀਫ਼ਾ ਅਜੇ ਮਨਜ਼ੂਰ ਨਹੀਂ ਹੋ ਸਕਿਆ ਹੈ। ਦਰਅਸਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਇਨ੍ਹਾਂ ਨੂੰ ਅੱਜ ਅਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ ਪਰ ਇਹ ਨਹੀਂ ਪਹੁੰਚੇ। ਇਸ ਦੇ ਮੱਦੇਨਜ਼ਰ ਸਪੀਕਰ ਨੇ ਤਿੰਨਾਂ ਦੇ ਅਸਤੀਫ਼ੇ ਮਨਜ਼ੂਰ ਕਰਨ ਸਬੰਧੀ ਮਾਮਲਿਆਂ ਵਿਚ ਫ਼ੈਸਲਾ ਅਗਲੇ ਕੁਝ ਦਿਨਾਂ ਲਈ ਟਾਲ ਦਿਤਾ ਹੈ।

ਉਨ੍ਹਾਂ ਦੱਸਿਆ ਕਿ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਇਨ੍ਹਾਂ ਤਿੰਨਾਂ ਨੂੰ ਅਪਣਾ ਪੱਖ ਰੱਖਣ ਲਈ ਮੁੜ ਸੱਦਿਆ ਜਾਵੇਗਾ ਤੇ ਐਡਵੋਕੇਟ ਐਚ.ਐਸ. ਫੂਲਕਾ ਦੇ ਅਸਤੀਫ਼ੇ ਦਾ ਫ਼ੈਸਲਾ ਵੀ ਇਨ੍ਹਾਂ ਦੇ ਨਾਲ ਹੀ ਹੋਵੇਗਾ। ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਨੇ ਚੋਣਾਂ ਵਿਚ ਰੁੱਝੇ ਹੋਣ ਕਾਰਨ ਅੱਜ ਪੇਸ਼ ਨਾ ਹੋ ਸਕਣ ਤੋਂ ਅਸਮਰੱਥਾ ਜਤਾਈ ਹੈ। ਇਸੇ ਤਰ੍ਹਆਂ ਨਾਜਰ ਸਿੰਘ ਮਾਨਸ਼ਾਹੀਆ ਨੇ ਅਪਣਾ ਘਰੇਲੂ ਮਸਲਾ ਦੱਸਦਿਆ ਕਿਹਾ ਕਿ ਉਹ ਅੱਜ ਪੇਸ਼ ਨਹੀਂ ਹੋ ਸਕਦੇ।

ਅਮਰਜੀਤ ਸਿੰਘ ਸੰਦੋਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਇਸ ਸਬੰਧੀ ਕੋਈ ਨੋਟਿਸ ਨਹੀਂ ਮਿਲਿਆ। ਇਸ ਦੇ ਮੱਦੇਨਜ਼ਰ ਸਪੀਕਰ ਨੇ ਅੱਜ ਅਸਤੀਫ਼ੇ ਮਨਜ਼ੂਰ ਕਰਨ ਦਾ ਫ਼ੈਸਲਾ ਅਗਲੇ ਕੁਝ ਦਿਨਾਂ ਲਈ ਟਾਲ ਦਿਤਾ ਹੈ। ਹੁਣ ਤਿੰਨਾਂ ਦੇ ਅਸਤੀਫ਼ਿਆਂ ਨੂੰ ਲੈ ਕੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਪੀਕਰ ਵਲੋਂ ਤਿੰਨਾਂ ਨੂੰ ਦੁਬਾਰਾ ਬੁਲਾਇਆ ਜਾਵੇਗਾ।