ਸੁਖਬੀਰ ਬਾਦਲ ਦੇ ਬਿਆਨ ਨਾਲ ਮਨਜਿੰਦਰ ਸਿਰਸਾ ਦਾ ਝੂਠ ਆਇਆ ਸਾਹਮਣੇ!
ਸਿੱਖ ਗੁਰਧਾਮਾਂ 'ਤੇ ਲੱਗਿਆ ਸੋਨਾ ਅਤੇ ਬਾਕੀ ਪਵਿੱਤਰ ਵਸਤਾਂ ਸ਼ਰਧਾਵਾਨ ਸਿੱਖ ਕੌਮ ਦਾ ਸਾਂਝਾ ਸਰਮਾਇਆ ਹਨ।
ਚੰਡੀਗੜ੍ਹ : ਧਾਰਮਿਕ ਅਸਥਾਨਾਂ ਦਾ ਸੋਨਾ ਸਰਕਾਰ ਨੂੰ ਦੇਣ ਵਾਲੇ ਜਿਹੜੇ ਬਿਆਨ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਐਡਿਟ ਕੀਤਾ ਹੋਇਆ ਦੱਸ ਕੇ ਪੱਲਾ ਝਾੜ ਰਹੇ ਸਨ, ਉਸੇ ਬਿਆਨ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਵੀਕਾਰਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਧਾਮਾਂ 'ਤੇ ਲੱਗਿਆ ਸੋਨਾ ਅਤੇ ਬਾਕੀ ਪਵਿੱਤਰ ਵਸਤਾਂ ਸ਼ਰਧਾਵਾਨ ਸਿੱਖ ਕੌਮ ਦਾ ਸਾਂਝਾ ਸਰਮਾਇਆ ਹਨ।
ਕੋਈ ਕਿੰਨਾ ਵੀ ਮਾਨਵਵਾਦੀ ਅਤੇ ਨੇਕ ਕੰਮ ਕਿਉਂ ਨਾ ਹੋਵੇ, ਇਸ ਸਰਮਾਏ ਦਾ ਨਿੱਕਾ ਹਿੱਸਾ ਦਾਨ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਮਨਜਿੰਦਰ ਸਿਰਸਾ ਵੱਲੋਂ ਮੰਗੀ ਗਈ ਮੁਆਫ਼ੀ ਦੀ ਸ਼ਲਾਘਾ ਵੀ ਕੀਤੀ। ਸੁਖਬੀਰ ਬਾਦਲ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਮਨਜਿੰਦਰ ਸਿਰਸਾ ਝੂਠੇ ਪੈ ਗਏ ਹਨ ਜੋ ਇਸ ਬਿਆਨ ਨੂੰ ਐਡਿਟ ਕਰਨ ਦੀ ਗੱਲ ਆਖ ਰਹੇ ਸਨ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਸਿੱਖ ਗੁਰੂ ਧਾਮਾਂ ਅੰਦਰ ਪਿਆ ਸੋਨਾ ਅਤੇ ਬਾਕੀ ਵਸਤੂਆਂ ਉਸ ਪਾਵਨ ਭਰੋਸੇ ਦਾ ਪ੍ਰਤੀਕ ਹਨ ਜੋ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਨੁਮਾਇੰਦਿਆਂ ਤੇ ਹੈ। ਇਹ ਭਰੋਸਾ ਸਿੱਖ-ਗੁਰਧਾਮਾਂ ਦੀਆਂ ਪ੍ਰਬੰਧਕੀ ਕਮੇਟੀਆਂ ਉਤੇ ਇਕ ਵੱਡੀ ਨੈਤਿਕ ਅਤੇ ਰੂਹਾਨੀ ਜਿੰਮੇਵਾਰੀ ਪਾਉਂਦਾ ਹੈ । ਇਸ ਦੇ ਨਾਲ ਇਹ ਸਾਰਿਆਂ ਲਈ ਜਰੂਰੀ ਹੈ
ਕਿ ਮਨੁੱਖਤਾ ਲਈ ਦਾਨ ਬਾਰੇ ਸੁਝਾਅ ਦਿੰਦਿਆਂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਜ਼ਰੂਰ ਧਿਆਨ ਵਿਚ ਰੱਖਣ ਦੀ ਲੋੜ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਸੇਵਾ ਅਤੇ ਕੁਰਬਾਨੀਆਂ ਦੀ ਇਕ ਮਿਸਾਲ ਵੱਜੋਂ ਵਿਸ਼ਵ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਵੱਲੋਂ ਪੂਰੀ ਦੁਨੀਆਂ ਵਿਚ ਗਰੀਬਾਂ, ਬੇ-ਸਹਾਰਾ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਜੋ ਮਿਸਾਲ ਪੈਦਾ ਕੀਤੀ ਹੈ ਅੱਜ ਉਸ ਦੀ ਸ਼ਲੰਘਾ ਪੂਰਾ ਵਿਸ਼ਵ ਕਰ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।