ਸਰਹੱਦ ਨੇੜਿਉਂ ਕਰੋੜਾਂ ਦੀ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਅਣਪਛਾਤੇ ਤਸਕਰਾਂ ਵਿਰੁਧ ਮਾਮਲਾ ਦਰਜ

Heroin recovered from Ferozepur border area

ਫ਼ਿਰੋਜ਼ਪੁਰ: ਬੀਐਸਐਫ਼ ਦੀ ਸਰਹੱਦੀ ਚੌਕੀ ਦੋਨਾ ਤੇਲੂ ਮੱਲ ਇਲਾਕੇ ਵਿਚੋਂ ਪੰਜਾਬ ਪੁਲਿਸ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਮਮਦੋਟ ਪੁਲਿਸ ਵਲੋਂ ਇਸ ਸਬੰਧੀ ਅਣਪਛਾਤੇ ਤਸਕਰਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੇ ਸਹਾਇਕ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦਸਿਆ ਕਿ

ਜਦੋਂ ਉਹ ਅਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਮਮਦੋਟ ਏਰੀਏ ਦੇ ਪਿੰਡ ਮੱਬੋ ਕੇ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿਤੀ ਕਿ ਕੁੱਝ ਭਾਰਤ ਤੇ ਪਾਕਿਤਸਾਨ ਦੇ ਤਸਕਰ ਆਪਸ ਵਿਚ ਮਿਲ ਕੇ ਨਸ਼ੇ ਅਤੇ ਅਸਲੇ ਦੀ ਸਮਗਲਿੰਗ ਕਰ ਰਹੇ ਹਨ। ਮੁਖ਼ਬਰ ਨੇ ਪੁਲਿਸ ਨੂੰ ਇਹ ਵੀ ਸੂਚਨਾ ਦਿਤੀ

ਕਿ ਉਕਤ ਪਾਕਿਸਤਾਨੀ ਸਮੱਗਲਰ ਵਲੋਂ ਭਾਰਤ ਪਾਕਿਸਤਾਨ ਸਰਹੱਦ 'ਤੇ ਲੱਗੀ ਤਾਰ ਤੋਂ ਪਾਰ ਜ਼ਮੀਨ ਦਰਿਆ ਤੋਂ ਪਾਰ ਜ਼ੀਰੋ ਲਾਈਨ ਚੌਕੀ ਦੋਨਾ ਤੇਲੂ ਮੱਲ ਦੀ ਬੁਰਜੀ ਨੰਬਰ 193/9 ਦੇ ਕੋਲ ਫੁਰਵਾਹਾ ਦੇ ਬੂਟੇ ਲਾਗੇ ਸਰਚ ਕੀਤੀ ਜਾਵੇ ਤਾਂ ਹੈਰੋਇਨ ਅਤੇ ਅਸਲਾ ਮਿਲ ਸਕਦਾ ਹੈ। ਏਐਸਆਈ ਨੇ ਦਾਅਵਾ ਕਰਦਿਆ ਹੋਇਆ ਦਸਿਆ ਕਿ ਸੂਚਨਾ ਮਿਲਦਿਆ ਸਾਰ ਬੀਐਸਐਫ਼ ਦੇ ਜਵਾਨਾਂ ਨੂੰ ਨਾਲ ਲੈ ਕੇ ਜਦੋਂ ਉਕਤ ਜਗ੍ਹਾ 'ਤੇ ਸਰਚ ਆਰਪੇਸ਼ਨ ਚਲਾਇਆ ਗਿਆ

ਤਾਂ ਉਥੋਂ 4 ਕਿਲੋ 820 ਗ੍ਰਾਮ ਹੈਰੋਇਨ ਬਰਮਾਦ ਹੋਈ। ਪੁਲਿਸ ਨੇ ਦਸਿਆ ਕਿ ਉਨ੍ਹਾਂ ਵਲੋਂ ਅਣਪਛਾਤੇ ਤਸਕਰਾਂ ਵਿਰੁਧ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।