ਬੀਤੇ ਦਿਨੀ ਪੰਜਾਬ 'ਚ ਸਾਹਮਣੇ ਆਏ ਨਵੇਂ ਮਾਮਲੇ
ਮੁਕੇਰੀਆਂ ਦੇ ਏ.ਐਸ.ਆਈ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਸ਼ਹਿਰ 'ਚ ਸਹਿਮ ਦਾ ਮਾਹੌਲ
ਮੁਕੇਰੀਆਂ ਦੇ ਏ.ਐਸ.ਆਈ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਸ਼ਹਿਰ 'ਚ ਸਹਿਮ ਦਾ ਮਾਹੌਲ- ਨਹਿਰ ਕਲੋਨੀ ਮੁਕੇਰੀਆਂ ਦੇ ਇਕ ਏ.ਐਸ.ਆਈ. ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਮੁਕੇਰੀਆਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਕੇਰੀਆਂ ਦੇ ਸਿਵਲ ਹਸਪਤਾਲ ਦੇ ਡਾ.ਜੀ.ਪੀ. ਸਿੰਘ ਨੇ ਦਸਿਆ ਕਿ ਨਹਿਰ ਕਲੋਨੀ ਮੁਕੇਰੀਆਂ ਦੇ ਇਕ ਏ.ਐਸ.ਆਈ. ਰਘਵੀਰ ਸਿੰਘ ਜੋ ਕਿ ਲੁਧਿਆਣਾ ਵਿਖੇ ਅਪਣੀ ਡਿਊਟੀ 'ਤੇ ਤਾਇਨਾਤ ਸੀ। ਏ.ਐਸ.ਆਈ. ਰਘਵੀਰ ਸਿੰਘ ਦੇ 18 ਜੂਨ ਨੂੰ ਲੁਧਿਆਣਾ 'ਚ ਸਿਹਤ ਵਿਭਾਗ ਵਲੋਂ ਸੈਂਪਲ ਲਏ ਗਏ ਸਨ ਜਿਸ ਦੀ ਰੀਪੋਰਟ ਅੱਜ ਪਾਜ਼ੇਟਿਵ ਆ ਗਈ ਹੈ। ਸਿਹਤ ਵਿਭਾਗ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੋਰੋਨਾ ਪਾਜ਼ੇਟਿਵ ਵਿਅਕਤੀ ਨੂੰ ਐਬੂਲੈਂਸ ਰਾਹੀਂ ਮਾਤਾ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਵਿਖੇ ਕੁਆਰੰਟਾਈਨ ਸੈਂਟਰ ਭੇਜ ਦਿਤਾ ਗਿਆ ਹੈ। ਡਾ.ਜੀ.ਪੀ. ਸਿੰਘ ਨੇ ਦਸਿਆ ਕਿ ਇਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਵੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਮਰੀਜ਼ ਦੇ ਪ੍ਰਵਾਰ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ।
ਫ਼ਾਜ਼ਿਲਕਾ ਜ਼ਿਲ੍ਹੇ ਵਿਚ 6 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ- ਫ਼ਾਜ਼ਿਲਕਾ ਜ਼ਿਲ੍ਹੇ ਵਿਚ 6 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 3 ਔਰਤਾਂ ਅਤੇ 3 ਮਰਦ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ.ਸੀ.ਐਮ. ਕਟਾਰੀਆ ਨੇ ਦਸਿਆ ਕਿ ਇਨ੍ਹਾਂ 6 ਕੇਸਾਂ ਵਿਚੋਂ ਦੋ ਕੇਸ ਅਬੋਹਰ ਸ਼ਹਿਰ ਦੇ ਠਾਕਰ ਆਬਾਦੀ ਅਤੇ ਇੰਦਰਾ ਨਗਰੀ ਨਾਲ ਸਬੰਧਤ ਹਨ। ਉਨ੍ਹਾਂ ਦਸਿਆ ਕਿ ਠਾਕਰ ਆਬਾਦੀ ਵਿਚ ਦਿੱਲੀ ਤੋਂ ਵਾਪਸ ਪਰਤਿਆ ਇਕ 17 ਸਾਲਾ ਨੌਜਵਾਨ ਤੇ ਇੰਦਰਾ ਨਗਰੀ ਵਿਚ ਗੁਜਰਾਤ ਤੋਂ ਆਇਆ 42 ਸਾਲਾ ਵਿਅਕਤੀ ਕੋਰੋਨਾ ਪੀੜਤ ਪਾਇਆ ਗਿਆ ਹੈ। ਇਸੇ ਤਰਾਂ ਪਿੰਡ ਖਿਪਾਵਾਲੀ ਵਿਚ ਜੈਸਲਮੇਰ ਤੋਂ ਆਇਆ 15 ਸਾਲ ਦਾ ਲੜਕਾ ਕੋਰੋਨਾ ਪੀੜਤ ਪਾਇਆ ਗਿਆ ਹੈ, ਜਦਕਿ ਫ਼ਾਜ਼ਿਲਕਾ ਵਿਚ ਵੀ 3 ਔਰਤਾਂ ਕੋਰੋਨਾ ਪਾਜ਼ੇਟਿਵ ਹਨ।
ਅਬੋਹਰ ਦੇ ਦੋ ਵਿਅਕਤੀਆਂ ਦੀ ਰੀਪੋਰਟ ਆਈ ਪਾਜ਼ੇਟਿਵ- ਵੱਖ-ਵੱਖ ਸੂਬਿਆਂ ਤੋਂ ਆਏ ਅਬੋਹਰ ਵਾਸੀ 2 ਜਣਿਆਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ ਮੂਲ ਰੂਪ ਵਿਚ ਠਾਕੁਰ ਆਬਾਦੀ ਵਾਸੀ ਦਾ ਰਹਿਣ ਵਾਲਾ 17 ਸਾਲ ਦਾ ਨੌਜਵਾਨ ਦਿੱਲੀ ਤੋਂ ਆਇਆ ਸੀ। ਇਸ ਤੋਂ ਇਲਾਵਾ ਇੰਦਰਾ ਨਗਰੀ ਨਿਵਾਸੀ 42 ਸਾਲ ਦਾ ਵਿਅਕਤੀ ਗੁਜਰਾਤ ਤੋਂ ਆਇਆ ਸੀ। ਇਨ੍ਹਾਂ ਦੋਹਾਂ ਦੇ ਲਏ ਗਏ ਸੈਂਪਲਾਂ ਬਾਅਦ ਜਦੋਂ ਅੱਜ ਰੀਪੋਰਟ ਆਈ ਤਾਂ ਰੀਪੋਰਟ ਪਾਜ਼ੇਟਿਵ ਪਾਈ ਗਈ । ਅਬੋਹਰ ਵਿਚ ਦੋ ਹੋਰ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਤੇ ਪ੍ਰਸ਼ਾਸਨਿਕ ਅਮਲਾ ਪੂਰੀ ਤਰ੍ਹਾਂ ਸੁਚੇਤ ਹੋ ਗਿਆ ਹੈ।
ਅੰਮ੍ਰਿਤਸਰ ਵਿਚ 21 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ- ਐਤਵਾਰ ਦਾ ਦਿਨ ਵੀ ਅੰਮ੍ਰਿਤਸਰ ਜ਼ਿਲ੍ਹੇ ਲਈ ਭਾਰੀ ਰਿਹਾ। ਜਿਥੇ ਕੋਰੋਨਾ ਲਾਗ ਦੀ ਬੀਮਾਰੀ ਨਾਲ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਇਕ ਸ਼ੱਕੀ ਮਰੀਜ਼ ਦੀ ਮੌਤ ਹੋ ਗਈ, ਉਥੇ ਹੀ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਮ੍ਰਿਤਕ ਦੀ ਕੋਰੋਨਾ ਰੀਪੋਰਟ ਆਉਣੀ ਫ਼ਿਲਹਾਲ ਅਜੇ ਬਾਕੀ ਹੈ। ਜ਼ਿਲ੍ਹੇ ਵਿਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 773 ਹੋ ਗਿਆ ਹੈ ਜਦਕਿ 31 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਤ 61 ਮਰੀਜ਼ ਆਏ ਸਾਹਮਣੇ- ਲੁਧਿਆਣਾ ਵਿਚ ਅੱਜ ਕੋਰੋਨਾ ਦਾ ਜ਼ਬਰਦਸਤ ਧਮਾਕਾ ਹੋਇਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਤ 61 ਮਰੀਜ਼ ਸਾਹਮਣੇ ਆਏ ਹਨ।
ਮਲੋਟ ਅਤੇ ਗਿੱਦੜਬਾਹਾ ਤੋਂ ਮਿਲੇ 2 ਹੋਰ ਕੋਰੋਨਾ ਮਰੀਜ਼
ਸ੍ਰੀ ਮੁਕਤਸਰ ਸਾਹਿਬ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 2 ਹੋਰ ਕੋਰੋਨਾ ਮਰੀਜ਼ਾਂ ਦਾ ਪਤਾ ਲੱਗਾ ਹੈ। ਇਨ੍ਹਾਂ ਵਿਚੋਂ ਇਕ ਮਲੋਟ ਦੀ 35 ਸਾਲ ਦੀ ਔਰਤ ਹੈ ਜੋ ਯੂ.ਪੀ. ਤੋਂ ਆਈ ਹੈ ਅਤੇ ਦੂਸਰਾ ਗਿੱਦੜਬਾਹਾ ਦੇ ਸੁਭਾਸ਼ ਨਗਰ, ਗਲੀ ਨੰਬਰ 3 ਦਾ ਹੈ। ਇਨ੍ਹਾਂ ਦੇ 18 ਜੂਨ ਨੂੰ ਸੈਂਪਲ ਲਏ ਗਏ ਸਨ।
ਜਲੰਧਰ ਵਿਚ ਐਤਵਾਰ ਨੂੰ ਮਿਲੇ ਕੋਰੋਨਾ ਦੇ 9 ਹੋਰ ਕੇਸ- ਸ਼ਹਿਰ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਛੇ ਗਦਾਈਪੁਰ ਦੇ ਵਸਨੀਕ ਹਨ, ਜਦੋਂ ਕਿ ਸਹਾਰਨਪੁਰ ਦਾ ਇਕ ਲੜਕਾ ਸੈਲੂਨ ਤੇ ਇਕ ਹੋਰ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਕਲ ਜਲੰਧਰ ਵਿਚ 45 ਅਤੇ ਸਨਿਚਰਵਾਰ ਨੂੰ ਇਕੱਠੇ 78 ਮਾਮਲੇ ਸਾਹਮਣੇ ਆਏ ਸਨ। ਸੈਲੂਨ ਵਿਚ ਕੰਮ ਕਰਨ ਵਾਲਾ ਲੜਕਾ ਸਹਾਰਨਪੁਰ ਤੋਂ ਵਾਪਸ ਆਇਆ ਸੀ। ਉਹ ਕਮਲ ਵਿਹਾਰ ਵਿਚ ਕਿਰਾਏ 'ਤੇ ਰਹਿੰਦਾ ਹੈ ਅਤੇ ਉਸ ਦੀ ਦੁਕਾਨ ਵੀ ਹੈ। ਉਹ ਬੀਮਾਰ ਸੀ। ਇਸ ਕਾਰਨ ਉਸ ਦਾ ਕੋਰੋਨਾ ਟੈਸਟ ਲਿਆ ਗਿਆ ਜਿਸ ਦੀ ਪਾਜ਼ੇਟਿਵ ਰੀਪੋਰਟ ਅੱਜ ਸਾਹਮਣੇ ਆਈ ਹੈ।
ਦੋ ਹੋਰ ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਕੁਲ ਗਿਣਤੀ ਹੋਈ 9- ਜ਼ਿਲ੍ਹਾ ਫ਼ਰੀਦਕੋਟ 'ਚ ਹੁਣ ਤਕ ਕੋਰੋਨਾ ਦੇ ਭੇਜੇ ਗਏ ਸੈਂਪਲਾਂ 'ਚੋਂ 95 ਕੇਸ ਪਾਜ਼ੇਟਿਵ ਆਏ ਸਨ, ਜਿਨ੍ਹਾਂ 'ਚੋਂ 86 ਵਿਅਕਤੀਆਂ ਨੂੰ ਤੰਦਰੁਸਤ ਹੋਣ ਉਪਰੰਤ ਹਸਪਤਾਲ 'ਚੋਂ ਛੁੱਟੀ ਮਿਲ ਚੁੱਕੀ ਹੈ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫ਼ਰੀਦਕੋਟ ਮੁਤਾਬਕ ਅੱਜ 2 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ 'ਚੋਂ ਇਕ 31 ਸਾਲਾ ਨੌਜਵਾਨ ਜਗਦੇਵ ਸਿੰਘ ਪਿੰਡ ਰਣ ਸਿੰਘ ਵਾਲਾ ਜਦਕਿ ਦੂਜਾ ਝੋਨਾ ਲਾਉਣ ਲਈ ਆਇਆ ਨੌਜਵਾਨ 45 ਸਾਲਾ ਫੇਕਨ ਮਹਿਤੋ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ 7 ਕੋਰੋਨਾ ਪੀੜਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਦੇ ਆਈਸੋਲੇਸ਼ਨ ਵਾਰਡ 'ਚ ਜੇਰੇ ਇਲਾਜ ਸਨ, ਜਿਨ੍ਹਾਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ।
ਪਠਾਨਕੋਟ 'ਚ 16 ਨਵੇਂ ਮਾਮਲੇ- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਲਾਗ ਨਾਲ 16 ਹੋਰ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਮਰੀਜ਼ਾਂ ਦਾ ਅੰਕੜਾ ਵੱਧ ਕੇ 184 ਹੋ ਗਿਆ ਹੈ ਜਿਨ੍ਹਾਂ 'ਚੋਂ 127 ਮਰੀਜ਼ ਕੋਰੋਨਾ ਤੋਂ ਠੀਕ ਹੋ ਕੇ ਘਰਾਂ ਨੂੰ ਚਾਲੇ ਪਾ ਚੁੱਕੇ ਹਨ। ਜਦਕਿ 52 ਮਰੀਜ਼ ਅਜੇ ਵੀ ਸਰਗਰਮ ਹਨ।
ਸੂਬੇ 'ਚ ਅੱਜ ਆਏ ਕੋਰੋਨਾ ਦੇ ਨਵੇਂ ਮਾਮਲੇ
ਜਲੰਧਰ- ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ ਕੋਰੋਨਾ ਦੇ 9 ਹੋਰ ਪਾਜ਼ੇਟਿਵ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ। ਇਸ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਵਧ ਕੇ 521 ਹੋ ਗਈ ਹੈ। ਬੰਗਾ ਬਲਾਕ 'ਚ ਦੋ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਮੁਕੰਦਪੁਰ ਡਾ. ਰਵਿੰਦਰ ਸਿੰਘ ਨੇ ਦਸਿਆ ਕਿ ਰਟੈਂਡਾ ਵਿਖੇ ਬਿਹਾਰ ਨਿਵਾਸੀ ਦਿਨੇਸ਼ਵਰ ਮਹੋਤੋ (40) ਜੋ ਅਜੈਬ ਸਿੰਘ ਵਾਸੀ ਰਟੈਡਾ ਦੇ ਖੂਹ 'ਤੇ ਰਹਿੰਦਾ ਸੀ ਤੇ ਦੂਜਾ ਨਰਿੰਦਰ ਕੁਮਾਰ (55) ਅਪਣੇ ਘਰ ਵਿਚ ਹੀ ਰਹਿ ਰਿਹਾ ਸੀ। ਦੋਹਾਂ ਮਰੀਜ਼ਾ ਨੂੰ ਢਾਹਾਂ ਕਲੇਰਾਂ ਦੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰਖਿਆ ਜਾਵੇਗਾ। ਸਮਰਾਲਾ ਵਿਚ ਕੋਵਿਡ-19 ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲਾਕਡਾਊਨ ਦੇ ਦੌਰਾਨ ਪਹਿਲੀ ਕਤਾਰ 'ਚ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਨੇ ਸ਼ੁਰੂ ਕਰ ਦਿਤੇ ਗਏ ਹਨ। ਇਸ ਮੁਹਿੰਮ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਿਕ ਜੋਤ ਸਿੰਘ ਨੇ ਗੱਲਬਾਤ ਦੌਰਾਨ ਦਸਿਆ ਸਥਾਨਕ ਹਿੰਮਤ ਨਗਰ ਵਾਸੀ ਵਿਜੀਲੈਂਸ ਵਿਭਾਗ 'ਚ ਤਾਇਨਾਤ ਪੁਰਸ਼ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਇਕ ਮਹਿਲਾ ਪੁਲਿਸ ਮੁਲਜ਼ਮ ਵਾਸੀ ਭਰਥਲਾ ਬਲਾਕ ਮਾਛੀਵਾੜਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੋਵਾਂ ਨੂੰ ਕੁਆਰੰਟੀਨ ਲੁਧਿਆਣਾ ਵਿਖੇ ਕਰ ਦਿਤਾ ਗਿਆ ਹੈ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੇ ਨਮੂਨੇ ਲੈ ਕੇ ਕੁਆਰੰਟੀਨ ਕਰ ਦਿਤਾ ਗਿਆ ਹੈ।
ਪਾਇਲ ਵਿਚ ਕੋਰੋਨਾ ਪਾਜ਼ੇਟਿਵ ਇਕ ਹੋਰ ਕੇਸ ਆਇਆ- ਪਾਇਲ, ਖੰਨਾ: ਕੋਰੋਨਾ ਦਾ ਕਹਿਰ ਲਗਾਤਾਰ ਵਧਣ ਕਾਰਨ ਇਕ ਵਾਰ ਫਿਰ ਤੋਂ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਭਿਆਨਕ ਮਹਾਂਮਾਰੀ ਦੀ ਲਪੇਟ ਵਿਚ ਪਾਇਲ ਦੇ ਇਕ ਵਿਅਕਤੀ ਸੰਦੀਪ ਕੁਮਾਰ ਉਰਫ਼ ਮਿੰਟੂ ਵਾਸੀ ਪਾਇਲ ਜੋ ਕਿ ਪਹਿਲਾਂ ਪਾਜ਼ੇਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਪ੍ਰਵਾਰ ਸਮੇਤ ਸੰਪਰਕ ਵਿਚ ਆਏ ਸਾਰੇ ਲੋਕਾਂ ਦੇ ਮੈਡੀਕਲ ਟੈਸਟ ਕੀਤੇ ਗਏ ਸਨ। ਜਿਨ੍ਹਾਂ ਵਿਚੋਂ ਪ੍ਰਭਾਵਤ ਮਰੀਜ਼ ਦੀ ਮਾਂਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਸ਼ਹਿਰ ਵਾਸੀਆਂ ਅਤੇ ਸੰਪਰਕ ਵਿਚ ਆਏ ਹੋਰ ਵਿਅਕਤੀਆਂ ਨੂੰ ਗੰਭੀਰ ਸਥਿਤੀ ਵਿਚੋਂ ਗੁਜਰਨਾ ਪੈ ਸਕਦਾ ਹੈ ਜਿਸ ਕਰ ਕੇ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰ ਪਾਇਲ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।