ਬਾਲਿਆਂਵਾਲੀ ਦੇ ਫ਼ੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਦੇ ਨਗਰ ਬਾਲਿਆਂਵਾਲੀ ਦੇ ਇਕ ਬੀ.ਐਸ.ਐਫ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ............

Army Soldiers with the dead body of martyr Soldier

ਬਠਿੰਡਾ (ਦਿਹਾਤੀ) : ਜ਼ਿਲ੍ਹੇ ਦੇ ਨਗਰ ਬਾਲਿਆਂਵਾਲੀ ਦੇ ਇਕ ਬੀ.ਐਸ.ਐਫ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ। ਫ਼ੌਜੀ ਨੂੰ ਸੈਂਕੜੇ ਨਮ ਅੱਖਾਂ ਨਾਲ ਉਸ ਦੇ ਜੱਦੀ ਪਿੰਡ ਬਾਲਿਆਂਵਾਲੀ ਵਿਖੇ ਅੰਤਿਮ ਵਿਦਾਇਗੀ ਦਿਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾਲਿਆਂਵਾਲੀ ਦਾ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਸਵ: ਜਗਰੂਪ ਸਿੰਘ ਡੇਢ ਕੁ ਵਰ੍ਹਾਂ ਪਹਿਲਾ ਬੀ.ਐਸ.ਐਫ ਵਿਚ ਭਰਤੀ ਹੋਇਆ ਸੀ ਜੋ ਬੰਗਾਲ ਅੰਦਰ ਮਨੀਪੁਰ ਵਿਚ ਤੈਨਾਤ ਸੀ। 43 ਬਟਾਲੀਅਨ ਦੇ ਬੀ.ਐਸ.ਐਫ ਅਧਿਕਾਰੀ ਬੰਤ ਸਿੰਘ ਨੇ ਦਸਿਆ ਕਿ ਬੀ.ਐਸ.ਐਫ ਦੀ ਇਕ ਟੁਕੜੀ ਬੇੜੀ ਰਾਹੀਂ ਨਦੀ ਵਿਚ ਗਸ਼ਤ ਕਰ ਰਹੀ ਸੀ

ਜਦਕਿ ਬੇੜੀ ਦਾ ਸੰਤੁਲਨ ਵਿਗੜ ਜਾਣ ਕਾਰਨ ਬਲਜਿੰਦਰ ਸਿੰਘ ਬੇੜੀ ਵਿਚੋਂ ਡਿੱਗ ਪਿਆ ਪਰ ਜਦੋ ਜਹਿੱਦ ਨਾਲ ਜਵਾਨ ਨੂੰ ਬਾਹਰ ਕੱਢ ਲਿਆ ਗਿਆ ਸੀ ਪਰ ਉਸ ਸਮੇਂ ਤੱਕ ਬੁਹਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਜਵਾਨ ਬਲਜਿੰਦਰ ਸਿੰਘ ਨੂੰ ਮ੍ਰਿਤਕ ਐਲਾਣ ਦਿਤਾ। ਉਧਰ ਸੈਂਕੜੇ ਨਮ ਅੱਖਾਂ ਸਣੇ ਸਰਕਾਰੀ ਸਨਮਾਨਾਂ ਉਪਰੰਤ ਜਵਾਨ ਬਲਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕੀਤਾ ਗਿਆ। ਮ੍ਰਿਤਕ ਜਵਾਨ ਬਲਜਿੰਦਰ ਸਿੰਘ ਅਪਣੇ ਪਿੱਛੇ ਬੁੱਢੇ ਮਾਂ ਸਣੇ ਇਕ ਭਰਾ ਅਤੇ ਦੋ ਭੈਣਾਂ ਛੱਡ ਗਿਆ ਹੈ।

ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਸ਼ਹੀਦ ਬਲਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਫੁੱਲ ਮਾਲਾ ਭੇਂਟ ਕਰਦਿਆਂ ਕਿਹਾ  ਸਰਕਾਰ ਤੋਂ ਪੀੜਿਤ ਪਰਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਨਾਲ ਉਸ ਦੇ ਭਰਾ ਨੂੰ ਬਣਦੀ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਹੈਪੀ, ਸਾਬਕਾ ਸਰਪੰਚ ਗੁਲਜਾਰ ਸਿੰਘ ਸਿੱਧੂ, ਸਾਬਕਾ ਸਰਪੰਚ ਧਰਮਪਾਲ ਧਰਮੀ, ਸਾਬਕਾ ਸਰਪੰਚ ਬੇਅੰਤ ਸਿੰਘ, ਸਰਿੰਦਰ ਸ਼ਰਮਾ, ਹਰਿੰਦਰ ਪਿੰਕਾ ਸਣੇ ਥਾਣਾ ਬਾਲਿਆਂਵਾਲੀ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਹਾਜਰ ਸਨ।