ਚੰਡੀਗੜ੍ਹੀਏ ਦੋ ਦਿਨ ਹੋਰ ਪਾਣੀ ਨੂੰ ਤਰਸਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਜੋਲੀ ਵਾਟਰ ਵਰਕਸ ਤੋਂ ਨਹੀਂ ਹੋਵੇਗੀ ਪੰਪਿੰਗ

Chandigarh will be thirsty for two more days

ਚੰਡੀਗੜ੍ਹ (ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ 'ਚ ਕੀਤੀ ਜਾ ਰਹੀ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਅਗਲੇ ਦੋ ਦਿਨ ਹੋਰ ਭਾਰੀ ਵਿਘਨ ਪਵੇਗਾ। ਇਸ ਨਾਲ ਲੋਕ ਨੂੰ ਪੀਣ ਵਾਲੇ ਪਾਣੀ ਨੂੰ ਤਰਸਣਾ ਪਵੇਗਾ। ਸੂਤਰਾਂ ਅਨੁਸਾਰ ਨਗਰ ਨਿਗਮ ਨੂੰ ਭਾਖੜਾ ਨਹਿਰ ਤੋਂ ਪਾਣੀ ਦੀ ਸਪਲਾਈ 21, 22 ਅਤੇ 23 ਸਤੰਬਰ ਨੂੰ ਸਵੇਰੇ-ਸ਼ਾਮ ਲੋਅ ਪ੍ਰੈਸ਼ਰ ਵਿਚ ਪਾਣੀ ਸਪਲਾਈ ਕਰਨਾ ਪਵੇਗਾ ਕਿਉਂਕਿ ਖਰੜ ਦੇ ਲਾਗੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਵਲੋਂ ਬਿਜਲੀ ਦੀਆਂ ਤਾਰਾਂ ਵਿਛਾਉਣ ਲਈ ਕੱਟ ਲਾਇਆ ਜਾ ਰਿਹਾ ਹੈ,

ਜਿਸ ਨਾਲ ਕਾਜੋਲੀ ਵਾਟਰ ਵਰਕਸ ਵਲੋਂ ਚੰਡੀਗੜ੍ਹ ਵਿਚ ਸਪਲਾਈ ਕੀਤੇ ਜਾਂਦੇ ਪਾਣੀ ਦੀ ਪੰਪਿੰਗ ਨਹੀਂ ਹੋ ਸਕੇਗੀ, ਜਿਸ ਨਾਲ ਇਹ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਨਗਰ ਨਿਗਮ ਚੰਡੀਗੜ੍ਹ ਦੇ ਇਕ ਬੁਲਾਰੇ ਅਨੁਸਾਰ ਸ਼ਹਿਰ ਵਿਚ ਸਵੇਰੇ 6 ਤੋਂ 8 ਵਜੇ ਤਕ ਹੀ ਪਾਣੀ ਸਪਲਾਈ ਹੋ ਸਕੇਗਾ ਜਦਕਿ ਸ਼ਾਮੀ ਬਹੁਤ ਘੱਟ ਪ੍ਰੈਸ਼ਰ ਵਿਚ ਪਾਣੀ ਆਵੇਗਾ। ਉਨ੍ਹਾਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਚੰਡੀਗੜ੍ਹ ਪਬਲਿਕ ਹੈਲਥ ਵਿੰਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਵਲੋਂ ਖਰੜ-ਰੋਪੜ ਰੋਡ ਅਤੇ ਨੈਸ਼ਨਲ ਹਾਈਵੇਜ਼ ਦੇ ਥੱਲਿਉਂ ਬਿਜਲੀ ਦੀ ਸਪਲਾਈ ਲਈ ਕੇਬਲ ਤਾਰਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਇਸ ਲਈ ਸ਼ਹਿਰ ਵਾਸੀਆਂ ਨੂੰ ਪਾਣੀ ਵੱਧ ਤੋਂ ਵੱਧ ਸਟੋਰ ਕਰਨ ਦੀ ਹਦਾਇਤ ਕੀਤੀ ਹੈ। ਦੂਜੇ ਪਾਸੇ ਨਿਗਮ ਦੇ ਇੰਜੀਨੀਅਰ ਵਿਭਾਗ ਵਲੋਂ ਚੰਡੀਗੜ੍ਹ ਸ਼ਹਿਰ ਦੇ ਲੋਕਾਂ ਨੂੰ ਲੋੜ ਪੈਣ 'ਤੇ ਟੈਂਕਰਾਂ ਨਾਲ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਵੇਗਾ।

ਜਿਥੇ ਕਿਤੇ ਲੋਕ ਮਹਿਸੂਸ ਕਰਨ, ਉਹ ਫ਼ੋਨ ਕਰ ਕੇ ਪਬਲਿਕ ਹੈਲਥ ਵਿੰਗ ਨੂੰ ਨਾਲ ਸੰਪਰਕ ਕਰ ਸਕਣਗੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਨਗਰ ਨਿਗਮ ਵਲੋਂ 100 ਮਿਲੀਅਨ ਗੈਲਨ ਲਿਟਰ ਪਾਣੀ ਸ਼ਹਿਰ ਵਿਚ ਸਪਲਾਈ ਕੀਤਾ ਜਾਂਦਾ ਹੈ, ਜਿਸ ਵਿਚੋਂ 70 ਮਿਲੀਅਨ ਗੈਲਨ ਲਿਟਰ ਪਾਣੀ ਭਾਖੜਾ ਤੋਂ ਨਹਿਰੀ ਅਤੇ 20 ਐਮ.ਜੀ.ਡੀ. ਨਿਗਮ ਅਪਣੇ ਟਿਊਬਵੈੱਲਾਂ ਰਾਹੀਂ ਸਪਲਾਈ ਕਰਦੀ ਹੈ ਜਦਕਿ ਭਰ ਗਰਮੀ ਵਿਚ ਲੋਕਾਂ ਦੀ ਡਿਮਾਂਡ 110 ਐਮ.ਜੀ.ਡੀ. ਤਕ ਪਹੁੰਚ ਜਾਂਦੀ ਹੈ।