“ਹਿੰਦੀ ਲਾਗੂ ਕਰਨ ਦੇ ਨਾਂ ‘ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦੀ ਹੋ ਰਹੀ ਸਾਜਿਸ਼”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਇਕ ਦੇਸ਼-ਇਕ ਭਾਸ਼ਾ’ ’ਤੇ ਪੱਤਰਕਾਰ ਜਰਨੈਲ ਸਿੰਘ ਦਾ ਬਿਆਨ...

Jarnail Singh

ਨਵੀਂ ਦਿੱਲੀ: ਪੰਜਾਬ ਦੇ ਸੂਫ਼ੀ ਗਾਇਕ ਮੰਨੇ ਜਾਂਦੇ ਗੁਰਦਾਸ ਮਾਨ ਨੇ ਸਾਰੇ ਦੇਸ਼ ਵਿਚ ਹਿੰਦੀ ਭਾਸ਼ਾ ਥੋਪਣ ਦੀ ਹਮਾਇਤ ਕਰਕੇ ਸਮੁੱਚੇ ਪੰਜਾਬੀਆਂ ਦਾ ਗੁੱਸਾ ਸਹੇੜ ਲਿਆ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਗੁਰਦਾਸ ਮਾਨ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਦਿੱਲੀ ਤੋਂ ਸਿੱਖ ਪੱਤਰਕਾਰ ਜਰਨੈਲ ਸਿੰਘ ਨੇ ਵੀ ਫੇਸਬੁੱਕ ’ਤੇ ਵੀਡੀਓ ਜਾਰੀ ਕਰਕੇ ਗੁਰਦਾਸ ਮਾਨ ਦੇ ਬਿਆਨ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬੀਆਂ ਨੂੰ ਪੰਜਾਬੀ ਨਾਲੋਂ ਤੋੜ ਕੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।

 ਉਨ੍ਹਾਂ ਕਿਹਾ ਕਿ ‘ਇਕ ਦੇਸ਼-ਇਕ ਬੋਲੀ’ ਅਸਲ ਵਿਚ ਸਾਰਿਆਂ ਨੂੰ ਇਕ ਧਰਮ ਵੱਲ ਲਿਜਾ ਰਹੀ ਹੈ। ਜਿਸ ਨੂੰ ਸਮਝਣ ਦੀ ਲੋੜ ਹੈ। ਜਰਨੈਲ ਸਿੰਘ ਨੇ ਗੁਰਦਾਸ ਮਾਨ ‘ਤੇ ਨਿਸ਼ਾਨਾ ਸਾਧਦਿਆ ਆਖਿਆ ਕਿ ਗੁਰਦਾਸ ਮਾਨ ਯੂਰਪ ਦੀ ਗੱਲ ਕਰਦੇ ਹਨ ਕਿ ਉਥੇ ਇਕ ਭਾਸ਼ਾ ਬੋਲੀ ਜਾਂਦੀ ਹੈ ਪਰ ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਪੂਰੇ ਯੂਰਪ ਵਿਚ ਇਕ ਭਾਸ਼ਾ ਨਹੀਂ ਬੋਲੀ ਜਾਂਦੀ ਬਲਕਿ ਕੁਝ ਖਿੱਤਿਆਂ ਦੀ ਆਪਣੀ ਬੋਲੀ ਹੈ। ਭਾਰਤ ਵਿਚ ਵੀ ਬੋਲੀਆਂ ਦੇ ਆਧਾਰ ‘ਤੇ ਖਿੱਤਿਆਂ ਦੀ ਵੰਡ ਹੋਈ ਹੈ।

ਜਿੱਥੇ ਮਰਾਠੀ ਬੋਲਣ ਵਾਲੇ ਜ਼ਿਆਦਾ ਸਨ ਉਥੇ ਮਹਾਰਾਸ਼ਟਰ ਬਣਾ ਦਿੱਤਾ ਗਿਆ, ਜਿੱਥੇ ਉੜੀਆ ਬੋਲਣ ਵਾਲੇ ਜ਼ਿਆਦਾ ਸਨ ਉਥੇ ਉਡੀਸ਼ਾ ਬਣਾਇਆ ਗਿਆ, ਜਿੱਥੇ ਤਾਮਿਲ ਬੋਲਣ ਵਾਲੇ ਜ਼ਿਆਦਾ ਸਨ ਉਥੇ ਤਾਮਿਲਨਾਡੂ, ਜਿੱਥੇ ਹਿੰਦੀ ਬੋਲਣ ਵਾਲੇ ਜ਼ਿਆਦਾ ਸਨ ਉੱਥੇ ਹਰਿਆਣਾ ਤੇ ਹਿਮਾਚਲ ਬਣਾ ਦਿੱਤੇ ਗਏ। ਇਸੇ ਤਰ੍ਹਾਂ ਜਿੱਥੇ ਪੰਜਾਬੀ ਜ਼ਿਆਦਾ ਬੋਲਣ ਵਾਲੇ ਸਨ ਉਥੇ ਪੰਜਾਬ ਬਣਾਇਆ ਗਿਆ। ਜੇਕਰ ਇਕ ਭਾਸ਼ਾ ਦੀ ਗੱਲ ਸਹੀ ਹੁੰਦੀ ਤਾਂ ਇਹ ਦੇਸ਼ ਦੀ ਵੰਡ ਵੇਲੇ ਹੀ ਕੀਤੀ ਜਾ ਸਕਦੀ ਸੀ ਪਰ ਕਿਸੇ ਵੀ ਖਿੱਤੇ ਦੀ ਭਾਸ਼ਾ ਦਾ ਆਪਣਾ ਇਕ ਇਤਿਹਾਸ ਹੁੰਦਾ ਹੈ।

ਜਿਸ ਨਾਲ ਸਮੁੱਚੇ ਲੋਕ ਨੇੜਿਓ ਜੁੜੇ ਹੁੰਦੇ ਹਨ। ਜਰਨੈਲ ਸਿੰਘ ਅੱਗੇ ਬੋਲਦੇ ਆਖਿਆ ਕਿ ਜੇਕਰ ਸਾਰੇ ਦੇਸ਼ ਵਿਚ ਹਿੰਦੀ ਨੂੰ ਲਾਗੂ ਕਰ ਦਿੱਤਾ ਜਾਵੇਗਾ ਤਾਂ ਹੌਲੀ-ਹੌਲੀ ਲੋਕ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲ ਜਾਣਗੇ ਅਤੇ ਫਿਰ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਤਰ੍ਹਾਂ ਪੜਨਗੇ। ਇਸ ਤਰ੍ਹਾਂ ਉਹ ਹੌਲੀ-ਹੌਲੀ ਸਿੱਖੀ ਤੋਂ ਵੀ ਪੂਰੀ ਤਰ੍ਹਾਂ ਦੂਰ ਹੋ ਜਾਣਗੇ। ਉਨ੍ਹਾਂ ਆਖਿਆ ਕਿ ਅਸਲ ਵਿਚ ਇਕ ਦੇਸ਼ ਇੱਕ ਭਾਸ਼ਾ ਪੰਜਾਬੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਰਨ ਦੀ ਸਾਜਿਸ਼ ਹੈ ਤਾਂ ਜੋ ਉਨ੍ਹਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾ ਸਕੇ ਪਰ ਪੰਜਾਬੀਆਂ ਨੂੰ ਇਸਨੂੰ ਲੈ ਕੇ ਸੁਚੇਤ ਹੋਣ ਦੀ ਲੋੜ ਹੈ।