ਪੰਜਾਬੀ ਵਰਸਿਟੀ ਦੇ ਜਾਅਲੀ ਬਿੱਲਾਂ ਦਾ ਘੁਟਾਲਾ: ED ਨੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੁਲਿਸ ਤੋਂ ਮੰਗੇ ਮੁਲਾਜ਼ਮਾਂ ਦੇ ਵੇਰਵੇ

ਏਜੰਸੀ

ਖ਼ਬਰਾਂ, ਪੰਜਾਬ

ਪ੍ਰੋ. ਅਰਵਿੰਦ ਦੇ ਇੱਥੇ ਵੀਸੀ ਵਜੋਂ ਤਾਇਨਾਤ ਹੋਣ ਮਗਰੋਂ ਹੋਏ ਆਡਿਟ ਦੌਰਾਨ ਸੱਤ ਫਰਜ਼ੀ ਬਿੱਲਾਂ ਰਾਹੀਂ ਸਾਢੇ ਛੇ ਲੱਖ ਰੁਪਏ ਦੇ ਹੇਰਫੇਰ ਦਾ ਮਾਮਲਾ ਸਾਹਮਣੇ ਆਇਆ

Punjabi University Patiala

ਪਟਿਆਲਾ : ਪਟਿਆਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਈਡੀ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਚ ਜਾਅਲੀ ਬਿੱਲਾਂ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ । ਇਹ ਮਾਮਲਾ ਮਨੀ ਲਾਂਡਰਿੰਗ ਐਕਟ ਤਹਿਤ ਵਿਚਾਰਿਆ ਜਾ ਰਿਹਾ ਹੈ, ਜਿਸ ਦੇ ਚੱਲਦੇ ਈਡੀ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਪਟਿਆਲਾ ਪੁਲਿਸ ਤੋਂ ਘੁਟਾਲੇ ਵਿੱਚ ਸਾਹਮਣੇ ਆਏ ਮੁਲਾਜ਼ਮਾਂ ਦੇ ਵੇਰਵੇ ਮੰਗੇ ਗਏ ਹਨ।

ਇਹ ਮਾਮਲਾ ਭਾਵੇਂ ਕੁਝ ਸਾਲ ਪੁਰਾਣਾ ਹੈ ਪਰ ਪ੍ਰੋ. ਅਰਵਿੰਦ ਦੇ ਇੱਥੇ ਵੀਸੀ ਵਜੋਂ ਤਾਇਨਾਤ ਹੋਣ ਮਗਰੋਂ 2021 ’ਚ ਹੋਏ ਆਡਿਟ ਦੌਰਾਨ ਸੱਤ ਫਰਜ਼ੀ ਬਿੱਲਾਂ ਰਾਹੀਂ ਸਾਢੇ ਛੇ ਲੱਖ ਰੁਪਏ ਦੇ ਹੇਰਫੇਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਮਗਰੋਂ ਪ੍ਰੋ. ਅਰਵਿੰਦ ਨੇ ਇਸ ਸਬੰਧੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਸੀ।  ਇਸ ਘੁਟਾਲੇ ਵਿਚ ਸਾਹਮਣੇ ਆਇਆ ਕਿ ਟੀਮ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਫਰਜ਼ੀ ਬਿੱਲਾਂ ਰਾਹੀਂ ਹੇਰਫੇਰ ਅਨੁਮਾਨ ਨਾਲੋਂ ਕਾਫ਼ੀ ਜ਼ਿਆਦਾ ਦੱਸੀ ਗਈ, ਮੁਲਾਜ਼ਮਾਂ ਨੂੰ ਵੀਸੀ ਨੇ ਨੌਕਰੀ ਤੋਂ ਬਰਖ਼ਾਸਤ ਤੇ ਕੁਝ ਨੂੰ ਮੁਅੱਤਲ ਕਰਦਿਆਂ, ਪੁਲਿਸ ਕੇਸ ਵੀ ਦਰਜ ਕਰਵਾਇਆ ਅਤੇ ਦੂਜੇ ਪਾਸੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਜਾਂਚ ਦੌਰਾਨ ਕਈ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।

ਪੁਲਿਸ ਅਤੇ ਯੂਨੀਵਰਸਿਟੀ ਦੀ ਅਗਲੇਰੀ ਜਾਂਚ ਦੌਰਾਨ ਹੁਣ ਤੱਕ ਜਾਅਲੀ ਬਿੱਲਾਂ ਰਾਹੀਂ ਤਕਰੀਬਨ 14 ਕਰੋੜ ਰੁਪਏ ਦੀ ਹੇਰਾਫੇਰੀ ਤੇ ਇਸ ਘੁਟਾਲੇ ’ਚ ਸ਼ਾਮਲ ਵਿਅਕਤੀਆਂ ਦੀ ਗਿਣਤੀ ਸੌ ਤੋਂ ਟੱਪ ਚੁੱਕੀ ਹੈ। ਇਹ ਹੇਰਾਫੇਰੀ ਮੁਲਾਜ਼ਮਾਂ ਵੱਲੋਂ ਪੁਰਾਣੇ ਰਿਸਰਚ ਸਕਾਲਰਾਂ ਦੇ ਨਾਮ ’ਤੇ ਜਾਅਲੀ ਬਿੱਲ ਤਿਆਰ ਕਰਕੇ ਉਸ ਸਬੰਧੀ ਬਣਦੀ ਅਦਾਇਗੀ ਆਪਣੇ ਜਾਣਕਾਰਾਂ ਦੇ ਬੈਂਕ ਖਾਤਿਆਂ ’ਚ ਕਰਵਾ ਕੇ ਕੀਤੀ ਗਈ ਹੈ। ਘੁਟਾਲੇ ਦੀ ਰਕਮ ਵੱਡੀ ਹੋਣ ਕਰਕੇ ਈਡੀ ਵੱਲੋਂ ਆਰੰਭੀ ਗਈ ਇਸ ਜਾਂਚ ਦੌਰਾਨ ਹੁਣ ਬੇਪਰਦ ਹੋਏ ਪੀਯੂ ਮੁਲਾਜ਼ਮਾਂ ਦੇ ਵੇਰਵੇ ਮੰਗੇ ਗਏ ਹਨ। ਇਸ ਗੱਲ ਦੀ ਪੁਸ਼ਟੀ ਪੀਯੂ ਦੇ ਰਜਿਸਟਰਾਰ ਡਾ. ਨਵਜੋਤ ਕੌਰ ਵੱਲੋਂ ਕੀਤੀ ਗਈ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਕੁਝ ਯੂਨੀਵਰਸਿਟੀ ਦੇ ਮੁਲਾਜ਼ਮ ਨਹੀਂ ਹਨ

ਜਿਨ੍ਹਾਂ ਦਾ ਵੇਰਵਾ ਈਡੀ ਵੱਲੋਂ ਪੁਲੀਸ ਕੋਲੋਂ ਮੰਗਿਆ ਗਿਆ ਹੈ। ਇਲਾਕੇ ਦੇ ਡੀਐੱਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਕੇਸ ਦੀ ਜਾਂਚ ਕਰ ਰਹੇ ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਅੰਮ੍ਰਿਤਬੀਰ ਸਿੰਘ ਚਹਿਲ ਨੇ ਦੱਸਿਆ ਕਿ ਇਸ ਕੇਸ ਵਿੱਚ ਜਿਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਕੁੱਝ ਖ਼ਿਲਾਫ਼ ਅਦਾਲਤ ’ਚ ਚਲਾਨ ਵੀ ਪੇਸ਼ ਕੀਤੇ ਜਾ ਚੁੱਕੇ ਹਨ ਅਤੇ  ਈਡੀ ਵੱਲੋਂ ਮੰਗਿਆ ਗਿਆ ਕੁਝ ਰਿਕਾਰਡ ਭੇਜ ਦਿੱਤਾ ਗਿਆ ਹੈ ਤੇ ਕੁਝ ਹੋਰ ਹਾਲੇ ਭੇਜਿਆ ਜਾ ਰਿਹਾ ਹੈ।