ਕੁੱਝ ਖਿਡਾਰੀਆਂ ਨੇ 'ਮਾਂ ਖੇਡ ਕਬੱਡੀ' ਨੂੰ ਕੀਤਾ ਬਦਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਬੱਡੀ ਪੰਜਾਬ ਦੀ ਮਾਂ ਖੇਡ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਕੁੱਝ ਨੌਜਵਾਨਾਂ ਨੇ ਇਸ ਖੇਡ ਨੂੰ ਵੀ ਬਦਨਾਮ ਕਰਕੇ ਰੱਖ ਦਿਤਾ ਹੈ, ਇਸ ਖੇਡ ਦੇ ਨਾਂ 'ਤੇ ਵਿਦੇਸ਼ਾਂ ...

ਕਬੱਡੀ ਕੱਪ

ਚੰਡੀਗੜ੍ਹ (ਭਾਸ਼ਾ) :  ਕਬੱਡੀ ਪੰਜਾਬ ਦੀ ਮਾਂ ਖੇਡ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਕੁੱਝ ਨੌਜਵਾਨਾਂ ਨੇ ਇਸ ਖੇਡ ਨੂੰ ਵੀ ਬਦਨਾਮ ਕਰਕੇ ਰੱਖ ਦਿਤਾ ਹੈ, ਇਸ ਖੇਡ ਦੇ ਨਾਂ 'ਤੇ ਵਿਦੇਸ਼ਾਂ ਵਿਚ ਖੇਡਣ ਗਏ ਬਹੁਤ ਸਾਰੇ ਪੰਜਾਬੀ ਖਿਡਾਰੀ ਵਾਪਸ ਹੀ ਨਹੀਂ ਪਰਤੇ, ਅਤੇ ਉਨ੍ਹਾਂ ਨੇ ਸਦਾ ਲਈ ਕੈਨੇਡਾ ਵਿਚ ਰਹਿਦ ਦਾ ਰਸਤਾ ਚੁਣ ਲਿਆ। ਸਾਲ 2015 ਤੋਂ 2017 ਦੌਰਾਨ ਭਾਰਤ ਤੋਂ ਕੌਮਾਂਤਰੀ ਕਬੱਡੀ ਟੂਰਨਾਮੈਂਟਾਂ 'ਚ ਖੇਡਣ ਲਈ ਕੈਨੇਡਾ ਗਏ 47 ਫ਼ੀਸਦੀ ਖਿਡਾਰੀ ਹਾਲੇ ਤਕ ਵਤਨ ਨਹੀਂ ਪਰਤੇ ਹਨ, ਅਜਿਹਾ ਕਰਨ ਵਾਲਿਆਂ ਵਿਚ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਹੀ ਹਨ।

ਅਜਿਹੇ ਪੰਜਾਬੀ ਖਿਡਾਰੀ ਬਾਅਦ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਵਰਕ-ਪਰਮਿਟ ਹਾਸਲ ਕਰ ਲੈਂਦੇ ਹਨ।  ਇਕ ਰਸਾਲੇ 'ਲੈਕਸਬੇਸ' ਵਲੋਂ ਇਮੀਗ੍ਰੇਸ਼ਨ ਕੈਨੇਡਾ ਵਲੋਂ ਕੀਤੇ ਅਧਿਐਨ ਦੇ ਹਵਾਲੇ ਨਾਲ ਕਿਹਾ ਗਿਐ ਕਿ ਇਨ੍ਹਾਂ ਤਿੰਨ ਸਾਲਾਂ ਦੌਰਾਨ 261 ਖਿਡਾਰੀ ਕੈਨੇਡਾ ਗਏ, ਜਿਨ੍ਹਾਂ 'ਚੋਂ 53 ਫ਼ੀਸਦੀ ਭਾਵ 138 ਖਿਡਾਰੀ ਹੀ ਵਤਨ ਪਰਤੇ ਜਦਕਿ 123 ਖਿਡਾਰੀ ਕੈਨੇਡਾ ਵਿਚ ਰਹਿ ਗਏ। ਇਨ੍ਹਾਂ ਵਿਚੋਂ 67 ਖਿਡਾਰੀਆਂ ਨੇ ਵਰਕ ਪਰਮਿਟ ਹਾਸਲ ਕਰ ਲਏ ਹਨ ਅਤੇ ਤਿੰਨ ਨੇ ਸ਼ਰਨਾਰਥੀ ਵਜੋਂ ਪਨਾਹ ਲੈ ਲਈ ਹੈ ਜਦਕਿ 53 ਖਿਡਾਰੀਆਂ ਦਾ ਹਾਲੇ ਤਕ ਕੋਈ ਅਤਾ ਪਤਾ ਨਹੀਂ ਲੱਗ ਸਕਿਆ।

ਰਿਪੋਰਟ ਅਨੁਸਾਰ ਕੈਨੇਡਾ ਤੋਂ ਨਾ ਪਰਤਣ ਵਾਲੇ ਜ਼ਿਆਦਾਤਰ ਖਿਡਾਰੀ ਨੌਜਵਾਨ, ਅਣਵਿਆਹੇ ਅਤੇ ਬੇਰੋਜ਼ਗਾਰ ਹੁੰਦੇ ਹਨ। ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਕਬੱਡੀ ਜਿਹੀ ਖੇਡ ਨਾਲ ਜੁੜੇ ਖਿਡਾਰੀ ਦੇ ਹੁਨਰ ਨੂੰ ਨਾਪਣ ਦਾ ਕੋਈ ਪੈਮਾਨਾ ਨਹੀਂ ਹੈ। ਇਸੇ ਲਈ ਕੁਝ ਗ਼ਲਤ ਤਰੀਕੇ ਤੇ ਧੋਖਾਧੜੀ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ। ਕੈਨੇਡਾ 'ਚ ਹਾਲੇ ਤਕ ਕਬੱਡੀ ਖਿਡਾਰੀਆਂ ਦੀਆਂ ਅਰਜ਼ੀਆਂ 'ਚੋਂ ਇਹ ਪਤਾ ਲਾਉਣ ਦਾ ਕੋਈ ਸਿਸਟਮ ਵਿਕਸਤ ਨਹੀਂ ਕੀਤਾ ਜਾ ਸਕਿਆ ਕਿ ਕਿਹੜਾ ਖਿਡਾਰੀ ਧੋਖਾਧੜੀ ਕਰ ਰਿਹਾ ਹੈ ਤੇ ਕਿਹੜਾ ਖਿਡਾਰੀ ਸਹੀ ਹੈ, ਪਰ ਇਸ ਤਰ੍ਹਾਂ ਦੀ ਧੋਖਾਧੜੀ ਕਰਨ ਨਾਲ ਪੰਜਾਬ ਦੀ ਮਾਂ ਖੇਡ ਕਬੱਡੀ ਬਦਨਾਮ ਜ਼ਰੂਰ ਹੋਈ ਹੈ।