ਪਟਿਆਲਾ ਦਾ ਫ਼ੀਲਖ਼ਾਨਾ ਸਕੂਲ ਹੁਣ ਬਣੇਗਾ Schools of Eminence
ਪੰਜਾਬ ਦੇ ਇਸ ਸਕੂਲ ਵਿਚ ਕਦੇ ਅੰਗਰੇਜ਼ ਬੰਨ੍ਹਦੇ ਸੀ ਹਾਥੀ
1983 ਵਿਚ ਸਕੂਲ ਨੂੰ ਮਿਲਿਆ ਸੀ ਸਰਵੋਤਮ ਸਕੂਲ ਦਾ ਅਵਾਰਡ
ਪਟਿਆਲਾ - ਪਟਿਆਲਾ ਸ਼ਹਿਰ ਦਾ ਇੱਕੋ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਵੀ ਪੰਜਾਬ ਸਰਕਾਰ ਦੇ ਸਕੂਲ ਆਫ਼ ਐਮੀਨੈਂਸ ਪ੍ਰੋਜੈਕਟ ਵਿਚ ਚੁਣਿਆ ਗਿਆ ਹੈ। ਜਿੱਥੇ ਹੁਣ ਸਕੂਲ ਹੈ ਉੱਥੇ ਪਹਿਲਾਂ ਕਿਸੇ ਵੇਲੇ ਅੰਗਰੇਜ਼ ਹਾਥੀ ਬੰਨ੍ਹਦੇ ਹੁੰਦੇ ਸਨ। ਫੀਲਖਾਨਾ ਸ਼ਬਦ ਫਾਰਸੀ ਦਾ ਸ਼ਬਦ ਹੈ। ਫਿਲ ਦਾ ਅਰਥ ਹਾਥੀ ਅਤੇ ਖਾਨ ਦਾ ਅਰਥ ਹੈ ਘਰ। ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 1954 ਵਿਚ ਉਸ ਸਮੇਂ ਦੀ ਪੈਪਸੂ ਸਰਕਾਰ ਦੇ ਸਿੱਖਿਆ ਮੰਤਰੀ ਬ੍ਰਿਸ਼ ਭਾਨ ਨੇ ਰੱਖਿਆ ਸੀ ਅਤੇ 1955 ਵਿਚ ਸਿੱਖਿਆ ਮੰਤਰੀ ਸ਼ਿਵ ਦੇਵ ਨੇ ਸਕੂਲ ਦਾ ਉਦਘਾਟਨ ਕੀਤਾ ਸੀ।
ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਇਸ ਸਕੂਲ ਨੂੰ 1983 ਵਿਚ ਸਰਵੋਤਮ ਪੁਰਸਕਾਰ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਇਸ ਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ ਗਿਆ ਸੀ।ਇਸ ਸਮੇਂ ਇਸ ਸਕੂਲ ਵਿਚ ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਦੀ ਅਗਵਾਈ ਹੇਠ 130 ਅਧਿਆਪਕ 3900 ਦੇ ਕਰੀਬ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ 23 ਜ਼ਿਲ੍ਹਿਆਂ ਵਿਚ ਸ਼ੁਰੂ ਕੀਤੇ ਸਕੂਲ ਆਫ਼ ਐਮੀਨੈਂਸ ਵਿਚ 117 ਸਰਕਾਰੀ ਸਕੂਲਾਂ ਵਿਚੋਂ ਪਟਿਆਲਾ ਜ਼ਿਲ੍ਹੇ ਦੇ 10 ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਸ ਸਕੀਮ ਤਹਿਤ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਵਿਸ਼ੇਸ਼ ਤਿਆਰੀ ਕਰਵਾਈ ਜਾਵੇਗੀ ਅਤੇ ਵਿਦਿਆਰਥੀਆਂ ਦੇ ਛੁਪੇ ਹੁਨਰ ਨੂੰ ਨਿਖਾਰਨ ਦਾ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਕਿਹਾ- ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ
ਜ਼ਿਕਰਯੋਗ ਹੈ ਕਿ ਇਸ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫੀਲਖਾਨਾ ਵਿਚ ਪੜ੍ਹੇ ਕਈ ਸਾਬਕਾ ਵਿਦਿਆਰਥੀ ਅੱਜ ਦੇਸ਼ ਦੇ ਨਾਮੀ ਲੋਕ ਹਨ ਜਿਸ ਵਿਚ ਮੌਜੂਦਾ ਚੋਣ ਕਮਿਸ਼ਨ ਦੇ ਕਮਿਸ਼ਨਰ ਦਾ ਨਾਮ ਅਹਿਮ ਹੈ। ਉਹਨਾਂ ਤੋਂ ਇਲਾਵਾ ਆਰਚਰੀ ਖੇਡ ਵਿਚ ਭਾਰਤ ਦੇ ਦਰੋਨਾਚਾਰੀਆ ਅਵਾਰਡੀ ਕੋਚ ਜੀਵਨ ਜੋਤ ਸਿੰਘ ਤੇਜਾ, ਸਾਬਕਾ ਸਿਵਲ ਸਰਜਨ ਪਟਿਆਲਾ ਡਾਕਟਰ ਪ੍ਰਿੰਸ ਸੋਢੀ ਦਾ ਨਾਮ ਪ੍ਰਮੁੱਖ ਹੈ।