ਸਿੱਖਾਂ ਦਾ ਧੰਨਵਾਦ ਕਰਕੇ ਕਸ਼ਮੀਰੀ ਵਿਦਿਆਰਥੀਆਂ ਨੇ ਲਾਏ 'ਬੋਲੇ ਸੋ ਨਿਹਾਲ' ਦੇ ਨਾਅਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਵਲੋਂ ਕਸ਼ਮੀਰੀਆਂ ਦੀ ਮਦਦ ਕੀਤੇ ਜਾਣ ਮਗਰੋਂ ਇਕ ਤੋਂ ਬਾਅਦ ਇਕ ਕਸ਼ਮੀਰੀਆਂ ਵਲੋਂ ਖ਼ਾਲਸਾ ਏਡ ਦਾ ਧੰਨਵਾਦ ਕੀਤੇ ਜਾਣ ਦੇ...

Slogans of 'Bole So Nihal' by Kashmiri students

ਚੰਡੀਗੜ੍ਹ : ਸਿੱਖਾਂ ਵਲੋਂ ਕਸ਼ਮੀਰੀਆਂ ਦੀ ਮਦਦ ਕੀਤੇ ਜਾਣ ਮਗਰੋਂ ਇਕ ਤੋਂ ਬਾਅਦ ਇਕ ਕਸ਼ਮੀਰੀਆਂ ਵਲੋਂ ਖ਼ਾਲਸਾ ਏਡ ਦਾ ਧੰਨਵਾਦ ਕੀਤੇ ਜਾਣ ਦੇ ਵੀਡੀਓ ਸਾਹਮਣੇ ਆ ਰਹੇ ਹਨ। ਹੁਣ ਕਸ਼ਮੀਰੀ ਵਿਦਿਆਰਥੀਆਂ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਮੋਹਾਲੀ ਤੋਂ ਸਹੀ ਸਲਾਮਤ ਪੁੱਜੇ ਕਸ਼ਮੀਰੀ ਵਿਦਿਆਰਥੀ ਜਿੱਥੇ ਖ਼ਾਲਸਾ ਏਡ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ, ਉਥੇ ਹੀ ਉਹ ਬੋਲੇ ਸੋ ਨਿਹਾਲ ਦੇ ਨਾਅਰੇ ਲਗਾਉਂਦੇ ਵੀ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ ਕੁੱਝ ਹੋਰ ਕਸ਼ਮੀਰੀ ਵਿਦਿਆਰਥੀਆਂ ਨੇ ਖ਼ਾਲਸਾ ਏਡ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਸ ਨੇ ਇਕ ਮੁਸ਼ਕਲ ਦੀ ਘੜੀ ਵਿਚ ਕਸ਼ਮੀਰੀ ਵਿਦਿਆਰਥੀਆਂ ਦਾ ਸਾਥ ਦਿੰਦੇ ਹੋਏ ਉਨ੍ਹਾਂ ਨੂੰ ਸਹੀ ਸਲਾਮਤ ਕਸ਼ਮੀਰ ਪਹੁੰਚਾਇਆ। ਇਸ ਤੋਂ ਇਲਾਵਾ ਜੇ ਐਂਡ ਕੇ ਸਟੂਡੈਂਟਸ ਮੂਵਮੈਂਟ ਦੇ ਜਨਰਲ ਸਕੱਤਰ ਨਵੀਦ ਮੁਖ਼ਤਿਆਰ ਨੇ ਆਖਿਆ ਕਿ ਅਸੀਂ ਖ਼ਾਲਸਾ ਏਡ ਦਾ ਧੰਨਵਾਦ ਕਰਦੇ ਹਾਂ, ਜਿਸ ਨੇ ਸਾਡੇ ਬੱਚਿਆਂ ਦੀ ਮੁਸ਼ਕਲ ਘੜੀ ਵਿਚ ਮਦਦ ਕੀਤੀ।

ਦਸ ਦਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਕਸ਼ਮੀਰੀਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਦੇਹਰਾਦੂਨ, ਹਰਿਆਣਾ ਅਤੇ ਕੁੱਝ ਹੋਰ ਥਾਵਾਂ ਤੋਂ ਕਸ਼ਮੀਰੀ ਵਿਦਿਆਰਥੀ ਮੋਹਾਲੀ ਵਿਚ ਇਕੱਠੇ ਹੋ ਗਏ ਸਨ, ਜਿੱਥੇ ਖ਼ਾਲਸਾ ਏਡ ਨੇ ਉਨ੍ਹਾਂ ਦੇ ਰਹਿਣ ਸਹਿਣ ਅਤੇ ਖਾਣੇ ਆਦਿ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੁੰਚਾਇਆ।