ਪਾਕਿ ਨੇ ਪਹਿਲੀ ਵਾਰ ਭਗਤ ਸਿੰਘ ਨੂੰ ਇਨਕਲਾਬੀ ਮੰਨਿਆ, ਸ਼ਾਦਮਾਨ ਚੌਂਕ ਦਾ ਨਾਮ ਭਗਤ ਸਿੰਘ ਚੌਂਕ ਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪਾਕਿ ਦੇ ਲਾਹੌਰ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 88ਵਾਂ ਸ਼ਹੀਦੀ ਸਮਾਗਮ ਮਨਾਇਆ ਜਾ ਰਿਹੈ

Shadman Chowk in Pakistan

ਅੰਮ੍ਰਿਤਸਰ/ਲਾਹੌਰ : ਪਾਕਿਸਤਾਨ ਦੇ ਲਾਹੌਰ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 88ਵਾਂ ਸ਼ਹੀਦੀ ਸਮਾਗਮ ਸ਼ਨਿਚਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲਾਹੌਰ ਪ੍ਰਸ਼ਾਸਨ ਨੇ ਇਕ ਲੈਟਰ ਜਾਰੀ ਕੀਤਾ, ਜਿਸ ਵਿਚ ਤਿੰਨਾਂ ਦੀ ਸ਼ਹਾਦਤ ਸਥਾਨ ਸ਼ਾਦਮਾਨ ਚੌਂਕ ਨੂੰ ਭਗਤ ਸਿੰਘ ਚੌਂਕ ਦੇ ਤੌਰ ’ਤੇ ਜ਼ਿਕਰ ਕੀਤਾ। ਉਥੇ ਹੀ, ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਇਨਕਲਾਬੀ ਆਗੂ ਵੀ ਦੱਸਿਆ। ਇਸ ਤੋਂ ਇਲਾਵਾ ਸ਼ਹੀਦੀ ਸਮਾਗਮ ਲਈ ਕੜੀ ਸੁਰੱਖਿਆ ਮੁਹੱਈਆ ਕਰਨ ਦੇ ਵੀ ਹੁਕਮ ਦਿਤੇ।

ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤੀਯਾਜ ਰਾਸ਼ਿਦ ਕੁਰੈਸ਼ੀ ਦੀ ਪਹਿਲ ਉਤੇ ਸ਼ਾਦਮਾਨ ਚੌਂਕ ਉਤੇ ਹਰ ਸਾਲ ਸ਼ਹੀਦੀ ਸਮਾਗਮ ਹੁੰਦਾ ਹੈ। ਕਈ ਵਾਰ ਕੱਟੜਪੰਥੀਆਂ ਨੇ ਇਤਰਾਜ਼ ਜਤਾਇਆ ਪਰ ਕੁਰੈਸ਼ੀ ਨੇ ਸਮਾਗਮ ਮਨਾਉਣਾ ਬੰਦ ਨਹੀਂ ਕੀਤਾ। ਇਸ ਵਾਰ 88ਵਾਂ ਸ਼ਹੀਦੀ ਸਮਾਗਮ ਸ਼ਨਿਚਰਵਾਰ ਸ਼ਾਮ ਮਨਾਉਣ ਜਾ ਰਹੇ ਹਨ। ਉਨ੍ਹਾਂ ਨੇ 19 ਮਾਰਚ ਨੂੰ ਡੀਸੀ ਲਾਹੌਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿਤੀ ਗਈ ਸੀ।

ਡੀਸੀ ਵਲੋਂ ਜਾਰੀ ਲੈਟਰ ਵਿਚ ਸਮਾਗਮ ਵਾਲੇ ਸਥਾਨ ਨੂੰ ਭਗਤ ਸਿੰਘ ਚੌਕ (ਸ਼ਾਦਮਾਨ ਚੌਕ) ਲਿਖਿਆ ਗਿਆ ਹੈ। ਪਹਿਲਾ ਮੌਕਾ ਹੈ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਇਨਕਲਾਬੀ ਮੰਨਿਆ ਹੈ। ਇਮਤੀਯਾਜ ਇਹ ਮੰਗ ਲੰਮੇ ਸਮੇਂ ਤੋਂ ਚੁੱਕਦੇ ਆ ਰਹੇ ਹਨ। ਉਨ੍ਹਾਂ ਨੇ ਇਸ ਦੇ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ। ਅਦਾਲਤ ਨੇ ਲਾਹੌਰ ਦੇ ਮੇਅਰ ਨੂੰ ਇਸ ਉਤੇ ਕੰਮ ਕਰਨ ਦੇ ਨਿਰਦੇਸ਼ ਦਿਤੇ ਸਨ।

ਸ਼ਾਦਮਾਨ ਚੌਕ ਉਹੀ ਜਗ੍ਹਾ ਹੈ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੰਗਰੇਜ਼ਾਂ ਨੇ (23 ਮਾਰਚ 1931 ਨੂੰ) ਫ਼ਾਂਸੀ ਦਿਤੀ ਸੀ। ਕੁਰੈਸ਼ੀ ਨੇ ਦੱਸਿਆ ਕਿ ਅਸੀਂ ਚੌਂਕ ਦਾ ਨਾਮ ਬਦਲਣ ਦੀ ਮੰਗ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ। ਹੁਣ ਚਾਹੁੰਦੇ ਹਾਂ ਇਸ ਚੌਂਕ ਉਤੇ ਭਗਤ ਸਿੰਘ ਦੀ ਪ੍ਰਤਿਮਾ ਲਗਾਈ ਜਾਵੇ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਨੂੰ (ਭਗਤ ਸਿੰਘ) ਨਿਸ਼ਾਨ-ਏ-ਹੈਦਰ ਦਾ ਖਿਤਾਬ ਦੇਣ ਦੀ ਵੀ ਮੰਗ ਵੀ ਕਰ ਰਹੇ ਹਾਂ। ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਪਹਿਲੀ ਵਾਰ ਇਨਕਲਾਬੀ ਮੰਨਿਆ। ਇਹ ਚੰਗੀ ਪਹਿਲ ਹੈ।